ਗੁਜਰਾਤ ’ਚ ਇੱਕ ਹਜ਼ਾਰ ਤੋਂ ਵੱਧ ਬੰਗਲਾਦੇਸ਼ੀ ਫੜੇ

0
135

ਅਹਿਮਦਾਬਾਦ : ਗੁਜਰਾਤ ਦੇ ਸ਼ਹਿਰਾਂ ਅਹਿਮਦਾਬਾਦ ਅਤੇ ਸੂਰਤ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 1000 ਤੋਂ ਵੱਧ ਗੈਰ-ਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ੍ਰਹਿ ਰਾਜ ਮੰਤਰੀ ਹਰਸ਼ ਸਾਂਗਵੀ ਨੇ ਸਨਿੱਚਰਵਾਰ ਕਿਹਾ ਕਿ ਅਹਿਮਦਾਬਾਦ ’ਚ ਘੱਟੋ-ਘੱਟ 890 ਅਤੇ ਸੂਰਤ ’ਚ 134 ਬੰਗਲਾਦੇਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਜੋ ਕਿ ਗੁਜਰਾਤ ਪੁਲਸ ਵੱਲੋਂ ਹੁਣ ਤੱਕ ਦੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਕਾਰਵਾਈ ਹੈ।
ਪਿੱਕ-ਅੱਪ ਦੀ ਟੱਕਰ ਨਾਲ ਛੇ ਸਫਾਈ ਕਰਮਚਾਰੀਆਂ ਦੀ ਮੌਤ
ਗੁਰੂਗ੍ਰਾਮ : ਜ਼ਿਲ੍ਹਾ ਨੂਹ ਦੇ ਫਿਰੋਜ਼ਪੁਰ ਝਿਰਕਾ ਪੁਲਸ ਸਟੇਸ਼ਨ ਅਧੀਨ ਦਿੱਲੀ-ਮੁੰਬਈ ਐੱਕਸਪ੍ਰੈੱਸਵੇ ’ਤੇ ਇਬਰਾਹਿਮਬਾਸ ਪਿੰਡ ਨੇੜੇ ਸਨਿੱਚਰਵਾਰ ਸਵੇਰੇ ਕਰੀਬ 10 ਵਜੇ ਤੇਜ਼ ਰਫਤਾਰ ਪਿਕ-ਅੱਪ ਗੱਡੀ ਨੇ ਸਫਾਈ ਦੇ ਕੰਮ ਵਿੱਚ ਲੱਗੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਛੇ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 5 ਹੋਰ ਗੰਭੀਰ ਜ਼ਖਮੀ ਹੋ ਗਏ। ਸਫਾਈ ਕਰਮਚਾਰੀ ਐੱਕਸਪ੍ਰੈੱਸਵੇ ਦੀ ਸਫਾਈ ਕਰ ਰਹੇ ਸਨ। ਪੰਜ ਮਿ੍ਰਤਕ ਖੇੜੀ ਕਲਾਂ ਪਿੰਡ ਦੇ ਅਤੇ ਇਕ ਝਿਮਰਾਵਤ ਪਿੰਡ ਦਾ ਦੱਸਿਆ ਜਾ ਰਿਹਾ ਹੈ। ਪਿਕਅੱਪ ਡਰਾਈਵਰ ਮੌਕੇ ਤੋਂ ਭੱਜ ਗਿਆ।
ਅੱਤਵਾਦੀਆਂ ਦੇ 3 ਹੋਰ ਘਰ ਢਾਹੇ
ਸ੍ਰੀਨਗਰ : ਪਹਿਲਗਾਮ ਹਮਲੇ ਮਗਰੋਂ ਸਲਾਮਤੀ ਦਸਤਿਆਂ ਨੇ ਸ਼ੁੱਕਰਵਾਰ ਰਾਤ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਸ਼ੋਪੀਆਂ, ਕੁਲਗਾਮ ਤੇ ਪੁਲਵਾਮਾ ਵਿੱਚ ਅੱਤਵਾਦੀਆਂ ਦੇ ਤਿੰਨ ਹੋਰ ਘਰਾਂ ਨੂੰ ਤਬਾਹ ਕਰ ਦਿੱਤਾ। ਇਹ ਸਾਰੇ ਲਸ਼ਕਰ ਏ ਤਈਬਾ ਨਾਲ ਸੰਬੰਧਤ ਸਨ। ਸ਼ੋਪੀਆਂ ਵਿੱਚ ਲਸ਼ਕਰ ਦੇ ਟਾਪ ਕਮਾਂਡਰ ਸ਼ਾਹਿਦ ਅਹਿਮਦ ਕੁੱਟੇ ਦਾ ਘਰ ਢਾਹ ਦਿੱਤਾ ਗਿਆ। ਉਹ ਪਿਛਲੇ 3-4 ਸਾਲਾਂ ਤੋਂ ਦਹਿਸ਼ਤੀ ਸਰਗਰਮੀਆਂ ਵਿੱਚ ਸ਼ਾਮਲ ਹੈ। ਕੁਲਗਾਮ ਵਿੱਚ ਅੱਤਵਾਦੀ ਜ਼ਾਹਿਦ ਅਹਿਮਦ ਦਾ ਘਰ ਢਾਹ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦੋ ਦਹਿਸ਼ਤਗਰਦਾਂ ਆਦਿਲ ਹੁਸੈਨ ਅਤੇ ਆਸਿਫ ਸ਼ੇਖ ਦੇ ਘਰਾਂ ਨੂੰ ਵੀ ਵਿਸਫੋਟਕਾਂ ਨਾਲ ਉਡਾ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ’ਤੇ ਪਹਿਲਗਾਮ ਹਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।