ਵਿਆਹ ਦੇਖੇ ਬਿਨਾਂ ਪਾਕਿਸਤਾਨ ਪਰਤਣਾ ਪਿਆ

0
161

ਚੰਡੀਗੜ੍ਹ : ‘ਪਹਿਲਗਾਮ ਅੱਤਵਾਦੀ ਹਮਲੇ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਓ, ਪਰ ਆਮ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣ ਤੋਂ ਬਚਾਓ।’ ਇਹ ਗੱਲ ਅਟਾਰੀ-ਵਾਹਗਾ ਸੜਕੀ ਰਸਤੇ ’ਤੇ ਪਾਕਿਸਤਾਨੀ ਸੈਲਾਨੀਆਂ ਨੇ ਕਹੀ, ਜੋ ਇੱਕ ਛੋਟੀ ਸਮਾਂ-ਸੀਮਾ ਤੋਂ ਪਹਿਲਾਂ ਭਾਰਤ ਤੋਂ ਬਾਹਰ ਨਿਕਲਣ ਲਈ ਮਜਬੂਰ ਸਨ। ਭਾਰਤ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ੇ 27 ਅਪਰੈਲ ਤੋਂ ਰੱਦ ਕਰ ਦਿੱਤੇ ਜਾਣਗੇ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਭਾਰਤੀ ਜਲਦੀ ਤੋਂ ਜਲਦੀ ਘਰ ਪਰਤ ਆਉਣ। ਜ਼ਿਆਦਾਤਰ ਪਾਕਿਸਤਾਨੀ ਨਾਗਰਿਕਾਂ ਨੇ ਦੱਸਿਆ ਕਿ ਉਹ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸਨ। ਕੁਝ ਇੱਥੇ ਵਿਆਹਾਂ ਵਿੱਚ ਸ਼ਾਮਲ ਹੋਣ ਲਈ ਆਏ ਸਨ, ਪਰ ਹੁਣ ਬਿਨਾਂ ਹਿੱਸਾ ਲਏ ਘਰ ਵਾਪਸ ਜਾਣਾ ਪੈ ਰਿਹਾ ਹੈ। ਕਰਾਚੀ ਦੀ ਰਹਿਣ ਵਾਲੀ ਬਾਸਕਰੀ ਨੇ ਕਿਹਾ, ‘ਅੱਜ ਸਨਿੱਚਰਵਾਰ ਮੇਰੀ ਭਤੀਜੀ ਦਾ ਵਿਆਹ ਸੀ। ਮੈਂ 10 ਸਾਲਾਂ ਬਾਅਦ ਆਈ ਸੀ, ਪਰ ਫਿਰ ਵੀ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੀ। ਵਿਆਹ ਵਾਲੇ ਦਿਨ ਜਾਣਾ ਦੁਖਦਾਈ ਹੈ। ਪਹਿਲਗਾਮ ਵਿੱਚ ਜੋ ਵੀ ਹੋਇਆ, ਉਹ ਗਲਤ ਹੈ। ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਪਰ ਆਮ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ।’
ਪਤਨੀ ਬਾਸਕਰੀ ਨਾਲ ਯੂ ਪੀ ਦੇ ਸਹਾਰਨਪੁਰ ਆਏ ਮੁਹੰਮਦ ਰਸ਼ੀਦ ਨੇ ਕਿਹਾ, ‘ਅਸੀਂ 10 ਅਪਰੈਲ ਨੂੰ 45 ਦਿਨਾਂ ਦੇ ਵੀਜ਼ੇ ’ਤੇ ਭਾਰਤ ਆਏ ਸੀ। ਮੇਰੀ ਪਤਨੀ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਮੇਰੇ ਸਹੁਰੇ ਇੱਥੇ ਰਹਿੰਦੇ ਹਨ। ਪੁਲਸ ਸਾਡੇ ਰਿਸ਼ਤੇਦਾਰ ਦੇ ਘਰ ਆਈ ਅਤੇ ਸਾਨੂੰ ਫੌਰੀ ਚਲੇ ਜਾਣ ਲਈ ਕਿਹਾ। ਹਿੰਸਕ ਕਾਰਵਾਈਆਂ ਕਰਨ ਵਾਲੇ ਲੋਕਾਂ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਦੋਵਾਂ ਪਾਸਿਆਂ ਦੇ ਆਮ ਲੋਕ ਇੱਕ-ਦੂਜੇ ਨੂੰ ਪਿਆਰ ਕਰਦੇ ਹਨ। ਮੁੱਠੀ-ਭਰ ਅੱਤਵਾਦੀ ਮਾਹੌਲ ਖਰਾਬ ਕਰਦੇ ਹਨ।’
ਪਾਕਿਸਤਾਨ ਦੇ ਉੱਤਰੀ ਸਿੰਧ ਦੇ ਗ਼ੋਟਕੀ ਤੋਂ ਆਏ ਬਾਲੀ ਰਾਮ ਨੇ ਕਿਹਾ ਕਿ ਉਹ ਰਾਏਪੁਰ ਵਿੱਚ ਆਪਣੀਆਂ ਤਿੰਨ ਧੀਆਂ ਨੂੰ ਮਿਲਣ ਗਿਆ ਸੀ। ਉਸ ਨੇ ਕਿਹਾ, ‘ਮੈਂ 5 ਅਪਰੈਲ ਨੂੰ ਆਇਆ ਸੀ, ਪਰ ਹੁਣ ਵਾਪਸ ਭੱਜਣਾ ਪੈ ਰਿਹਾ ਹੈ। ਜਿਨ੍ਹਾਂ ਨੇ ਇਹ ਕੰਮ ਕੀਤਾ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਮਾਸੂਮ ਸੈਲਾਨੀਆਂ ਦਾ ਕੀ ਕਸੂਰ ਹੈ? ’
ਕਰਾਚੀ ਤੋਂ ਦੌਲਤ ਵਿਆਹ ਲਈ 45 ਦਿਨਾਂ ਦੇ ਵੀਜ਼ੇ ’ਤੇ ਜੋਧਪੁਰ ਵਿੱਚ ਸੀ। ਉਸ ਨੇ ਕੁਝ ਟਰਾਲੀ ਸੂਟਕੇਸ ਐਗਜ਼ਿਟ ਗੇਟ ਵੱਲ ਖਿੱਚਦਿਆਂ ਕਿਹਾ, ‘ਜੋ ਕੁਝ ਵੀ ਹੋਇਆ (ਪਹਿਲਗਾਮ ਵਿੱਚ) ਚੰਗਾ ਨਹੀਂ ਹੈ। ਇਹ ਨਹੀਂ ਹੋਣਾ ਚਾਹੀਦਾ ਸੀ।’ ਰਾਵਲਪਿੰਡੀ ਦੇ ਇੱਕ ਬਜ਼ੁਰਗ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਲਈ ਲਖਨਊ ਆਇਆ ਸੀ, ਪਰ ਹੁਣ ਯਾਤਰਾ ਨੂੰ ਅੱਧ-ਵਿਚਾਲੇ ਛੱਡਣਾ ਪਿਆ ਹੈ। ਕੇਂਦਰ ਵੱਲੋਂ ਸਮਾਂ-ਸੀਮਾ ਨਿਰਧਾਰਤ ਕਰਨ ਤੋਂ ਬਾਅਦ ਹੁਣ ਤੱਕ ਭਾਰਤ ਆਉਣ ਵਾਲੇ 229 ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਸੜਕ ਰਸਤੇ ਵਤਨ ਪਰਤ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਦੇਸ਼ ਦੀ ਯਾਤਰਾ ਕਰਨ ਵਾਲੇ ਕੁੱਲ 392 ਭਾਰਤੀ ਨਾਗਰਿਕ ਵੀ ਵਾਪਸ ਆ ਗਏ ਹਨ।