ਵਾਰਾਨਸੀ : ਲਾਲ ਬਹਾਦੁਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ਬਾਬਤਪੁਰ ’ਤੇ ਸ਼ਨੀਵਾਰ ਰਾਤ 10.30 ਵਜੇ ਹਫੜਾ-ਦਫੜੀ ਮਚ ਗਈ, ਜਦੋਂ ਬੇਂਗਲੁਰੂ ਜਾਣ ਵਾਲਾ ਜਹਾਜ਼ ਐਪਰਨ ਤੋਂ ਰਨਵੇ ਵੱਲ ਵਧ ਰਿਹਾ ਸੀ ਤਾਂ ਇੱਕ ਯਾਤਰੀ ਨੇ ਧਮਕੀ ਦਿੱਤੀ ਕਿ ਉਸ ਦੇ ਬੈਗ ਵਿੱਚ ਬੰਬ ਹੈ, ਤੁਸੀਂ ਸਾਰੇ ਮਰ ਜਾਓਗੇ। ਇਹ ਸੁਣ ਕੇ ਚਾਲਕ ਦਲ ਦੇ ਮੈਂਬਰ ਤੇ ਯਾਤਰੀ ਡਰ ਗਏ। ਏ ਟੀ ਸੀ ਨਾਲ ਸੰਪਰਕ ਕਰਨ ਤੋਂ ਬਾਅਦ ਜਹਾਜ਼ ਨੂੰ ਆਈਸੋਲੇਸ਼ਨ ਲਈ ਵਾਪਸ ਐਪਰਨ ਵਿੱਚ ਲਿਆਂਦਾ ਗਿਆ।
ਕੈਨੇਡੀਅਨ ਯਾਤਰੀ ਜੋਨਾਥਨ ਨਿਸ਼ੀਕਾਂਤ ਆਪਣੀ ਸੀਟ ਤੋਂ ਉੱਠਿਆ ਤੇ ਅਗਲੀ ਸੀਟ ’ਤੇ ਬੈਠ ਗਿਆ। ਜਦੋਂ ਚਾਲਕ ਦਲ ਦੇ ਮੈਂਬਰ ਨੇ ਉਸ ਨੂੰ ਆਪਣੀ ਸੀਟ ’ਤੇ ਜਾਣ ਲਈ ਕਿਹਾ ਤਾਂ ਉਹ ਗੁੱਸੇ ਵਿੱਚ ਆ ਗਿਆ। ਉਸ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ, ‘ਮੇਰੇ ਬੈਗ ਵਿੱਚ ਬੰਬ ਹੈ, ਤੁਸੀਂ ਸਾਰੇ ਮਰ ਜਾਓਗੇ।’ ਇਸ ਦੇ ਇਲਾਵਾ ਉਸ ਨੇ ਅੱਲਾ ਹੂ ਅਕਬਰ, ਹਰ-ਹਰ ਮਹਾਂਦੇਵ, ਜੈ ਸ੍ਰੀ ਰਾਮ ਵੀ ਕਰ ਦਿੱਤੀ। ਲਗਭਗ ਪੰਜ ਘੰਟੇ ਜਹਾਜ਼ ਦੀ ਤਲਾਸ਼ੀ ਲਈ ਗਈ, ਪਰ ਕੁਝ ਨਹੀਂ ਲੱਭਾ। ਸਵੇਰੇ ਪੰਜ ਵਜੇ ਧਮਕੀ ਦੇਣ ਵਾਲੇ ਯਾਤਰੀ ਨੂੰ ਫੂਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਹਾਜ਼ ਐਤਵਾਰ ਸਵੇਰੇ 7:30 ਵਜੇ ਰਵਾਨਾ ਹੋਇਆ।