ਫਿਰੋਜ਼ਪੁਰ (ਅਸ਼ੋਕ ਸ਼ਰਮਾ, ਗੁਰਬਚਨ ਸਿੰਘ)
ਫਿਰੋਜ਼ਪੁਰ ਛਾਉਣੀ ਵਿੱਚ ਸਨਿੱਚਰਵਾਰ ਸ਼ਾਮੀਂ ਨਾਕਾ ਤੋੜ ਕੇ ਭੱਜੇ ਜਿਨ੍ਹਾਂ ਤਿੰਨ ਬਦਮਾਸ਼ਾਂ ਨੂੰ ਪੁਲਸ ਨੇ ਮੁਕਾਬਲੇ ਮਗਰੋਂ ਕਾਬੂ ਕਰ ਲਿਆ ਸੀ, ਉਨ੍ਹਾਂ ਕੋਲੋਂ ਕਾਫੀ ਹਥਿਆਰ ਬਰਾਮਦ ਕੀਤੇ ਗਏ ਹਨ।
ਐੱਸ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਨੇ ਐਤਵਾਰ ਦੱਸਿਆ ਕਿ ਇਹ ਬਦਮਾਸ਼ ਲੰਘੇ ਬੁੱਧਵਾਰ ਸ਼ਹਿਰ ਦੇ ਵਾਰਡ ਨੰਬਰ 6 ਦੇ ਨਗਰ ਕੌਂਸਲਰ ਕਪਿਲ ਕੁਮਾਰ ਉਰਫ ਮੌਂਟੀ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। ਉਨ੍ਹਾ ਦੱਸਿਆ ਕਿ ਇਹ ਹਮਲਾ ਰੰਜਿਸ਼ ਕਾਰਨ ਕੀਤਾ ਗਿਆ ਸੀ, ਪਰ ਇਸ ਦਾ ਪੂਰਾ ਖੁਲਾਸਾ ਪੜਤਾਲ ਮੁਕੰਮਲ ਹੋਣ ਮਗਰੋਂ ਹੀ ਕੀਤਾ ਜਾਵੇਗਾ। ਮੁਲਜ਼ਮਾਂ ਦੀ ਪਛਾਣ ਰਾਜਨ ਉਰਫ ਕਾਲੀ, ਗੌਰਵ ਉਰਫ ਕਿ੍ਰਸ਼ ਅਤੇ ਜਸ਼ਨ ਉਰਫ਼ ਤੇਜੀ ਵਾਸੀਆਨ ਬਸਤੀ ਗੋਲ ਬਾਗ ਵਜੋਂ ਕੀਤੀ ਗਈ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ .315 ਬੋਰ, ਇੱਕ ਦੇਸੀ ਪਿਸਤੌਲ .30 ਬੋਰ, ਇੱਕ ਬਿਨਾਂ ਮਾਰਕੇ ਵਾਲਾ ਪਿਸਤੌਲ (ਲੋਹੇ ਦੀ ਬਾਡੀ), ਇੱਕ ਪਿਸਤੌਲ .30 ਬੋਰ (ਜਿਸ ’ਤੇ 05 ਏ ਐੱਸ ਚਾਈਨਾ ਇਨ ਲਿਖਿਆ ਸੀ), 14 ਰੌਂਦ 9 ਐੱਮ ਐੱਮ, .32 ਬੋਰ ਦੇ 2 ਰੌਂਦ, .30 ਬੋਰ ਦੇ 2 ਖਾਲੀ ਰੌਂਦ ਅਤੇ ਬਿਨਾਂ ਨੰਬਰ ਵਾਲਾ ਹੀਰੋ ਡੀਲਕਸ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਵਿੱਚੋਂ ਰਾਜਨ ਨੂੰ ਸਹੀ-ਸਲਾਮਤ ਕਾਬੂ ਕਰ ਲਿਆ ਸੀ, ਜਦਕਿ ਬਾਕੀ ਦੋ ਬਦਮਾਸ਼ ਜਵਾਬੀ ਫਾਇਰਿੰਗ ਵਿੱਚ ਜ਼ਖ਼ਮੀ ਹੋ ਗਏ ਸਨ, ਜੋ ਹੁਣ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਸ ਦੌਰਾਨ ਐੱਸ ਐੱਸ ਪੀ ਨੇ ਬੀਤੇ ਮੰਗਲਵਾਰ ਸ਼ਹਿਰ ਅੰਦਰ ਵਾਪਰੇ ਕਤਲ ਕਾਂਡ ਦੇ ਸੰਬੰਧ ’ਚ ਦੱਸਿਆ ਕਿ ਇਸ ਮਾਮਲੇ ਵਿੱਚ ਗਗਨਦੀਪ ਸਿੰਘ ਉਰਫ ਦੀਪੂ ਵਾਸੀ ਪਿੰਡ ਨਿਹਾਲਾ ਕਿਲਚਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦੇ ਤਿੰਨ ਹੋਰਨਾਂ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵਾਰਦਾਤ ਵੀ ਪੁਰਾਣੀ ਰੰਜਿਸ਼ ਦਾ ਨਤੀਜਾ ਸੀ, ਪਰ ਜਾਂਚ ਮੁਕੰਮਲ ਹੋਣ ਮਗਰੋਂ ਹੀ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ।