ਚੰਡੀਗੜ੍ਹ : ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਸੂਬਾ ਸਰਕਾਰ ਵੱਲੋਂ ਰਾਜ ਨੂੰ ਨਸ਼ਾਮੁਕਤ ਕਰਨ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 31 ਮਈ ਤੱਕ ਮੁਕੰਮਲ ਕਰਨ ਦੀ ਡੈੱਡਲਾਈਨ ਦਿੱਤੀ ਹੈ। ਉਨ੍ਹਾ ਕਿਹਾ ਕਿ 31 ਮਈ ਤੋਂ ਬਾਅਦ ਨਸ਼ਾ ਤਸਕਰੀ ਹੋਣ ’ਤੇ ਸੰਬੰਧਤ ਐੱਸ ਐੱਸ ਪੀ ਅਤੇ ਪੁਲਸ ਕਮਿਸ਼ਨਰ ਜ਼ਿੰਮੇਵਾਰ ਹੋਣਗੇ। ਡੀ ਜੀ ਪੀ ਨੇ ਹਰੇਕ ਐੱਸ ਐੱਸ ਪੀ ਨੂੰ ਨਸ਼ਾਮੁਕਤ ਪੰਜਾਬ ਮੁਹਿੰਮ ਨੂੰ ਮੁਕੰਮਲ ਕਰਨ ਲਈ ਠੋਸ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪੰਜਾਬ ਵਿੱਚੋਂ ਨਸ਼ਿਆਂ ਦਾ ਸਫਾਇਆ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਕਾਰਗਰ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੁਹਿੰਮ ਤਹਿਤ ਹੁਣ ਤੱਕ 4659 ਕੇਸ ਦਰਜ ਕਰਕੇ 7414 ਜਣਿਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 67 ਨਸ਼ਾ ਤਸਕਰਾਂ ਦੀਆਂ ਇਮਾਰਤਾਂ ਨੂੰ ਢਾਹਿਆ ਗਿਆ ਅਤੇ 67 ਐਨਕਾਊਂਟਰ ਕੀਤੇ ਗਏ ਹਨ।