ਨਫਰਤੀ ਤਾਕਤਾਂ ਤੋਂ ਸਾਵਧਾਨ ਰਹਿਣ ਦੀ ਲੋੜ : ਡੀ ਰਾਜਾ

0
49

ਲੁਧਿਆਣਾ : ਸੀ ਪੀ ਆਈ ਦੇ ਜਨਰਲ ਸਕੱਤਰ ਡੀ. ਰਾਜਾ ਨੇ ਸਮਾਜ ਵਿੱਚ ਧਰੁਵੀਕਰਨ ਅਤੇ ਨਫਰਤ ਫੈਲਾਉਣ ਵਾਲੀਆਂ ਸ਼ਕਤੀਆਂ ਤੋਂ ਸਾਵਧਾਨ ਰਹਿਣ ਦਾ ਸੱਦਾ ਦਿੱਤਾ ਹੈ। ਉਹਨਾ ਕਿਹਾ ਕਿ ਰਾਜ-ਸੱਤਾ ਵਿੱਚ ਬੈਠੇ ਸ਼ਕਤੀਸ਼ਾਲੀ ਵਿਅਕਤੀਆਂ ਵੱਲੋਂ ਇਸ ਕਿਸਮ ਦੀਆਂ ਸ਼ਕਤੀਆਂ ਦੀ ਰੱਖਿਆ ਕਰਨਾ ਬਹੁਤ ਹੀ ਖਤਰਨਾਕ ਸਾਬਤ ਹੋ ਰਿਹਾ ਹੈ। ਦੂਜੇ ਪਾਸੇ ਗਰੀਬੀ, ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ, ਸਿੱਖਿਆ, ਸਿਹਤ ਅਤੇ ਬੁਨਿਆਦੀ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ, ਵਧੀਆਂ ਅਸਮਾਨਤਾਵਾਂ ਡੂੰਘੀ ਚਿੰਤਾ ਦਾ ਮਾਮਲਾ ਹਨ। ਖੇਤੀ ਸੰਕਟ ਡੂੰਘਾ ਅਤੇ ਅਨਿਸਚਿਤਤਾ ਵੱਲ ਵਧਦਾ ਜਾ ਰਿਹਾ ਹੈ, ਜਿਸ ਦੇ ਲੰਮੇ ਸਮੇਂ ਦੇ ਪ੍ਰਭਾਵ ਹੋਣਗੇ। ਉਹਨਾ ਇੱਥੇ ਪਾਰਟੀ ਦੀ ਸੂਬਾਈ ਕੌਂਸਲ ਦੀ ਮੀਟਿੰਗ ’ਚ 23 ਤੋਂ 25 ਅਪਰੈਲ ਤੱਕ ਤਿ੍ਰਵੇਂਦਰਮ ’ਚ ਹੋਈ ਕੌਮੀ ਕੌਂਸਲ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਾਮੀ ਪਾਰਟੀ ਕਾਂਗਰਸ ਇਨ੍ਹਾਂ ਮੁੱਦਿਆਂ ਤੇ ਵਿਚਾਰ ਕਰੇਗੀ ਅਤੇ ਸਮੱਸਿਆਵਾਂ ਲਈ ਬਦਲਵੇਂ ਹੱਲ ਦੱਸੇਗੀ।
ਪਾਰਟੀ ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਪੰਜਾਬ ਵੱਲੋਂ ਮਹਾਂ ਸੰਮੇਲਨ (ਕਾਂਗਰਸ) ਦੀ ਮੇਜ਼ਬਾਨੀ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਹਨਾ ਆਜ਼ਾਦੀ ਸੰਗਰਾਮ ਵਿਚ ਸੀ ਪੀ ਆਈ ਦੀ ਭੂਮਿਕਾ ਨੂੰ ਉਜਾਗਰ ਕਰਨ ਅਤੇ ਰਾਸ਼ਟਰ ਨਿਰਮਾਣ ਵਿਚ ਪਾਰਟੀ ਦੀ ਭੂਮਿਕਾ ਦੀ ਵਿਆਖਿਆ ਕੀਤੀ।
ਉਹਨਾ ਕਿਹਾ ਕਿ ਅਮਰੀਕਾ ਦੀ ਸ਼ਹਿ ਨਾਲ ਜ਼ਾਇਨਵਾਦੀ ਇਜ਼ਰਾਇਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਨਾ ਕੇਵਲ ਉਸ ਖਿੱਤੇ ਲਈ, ਬਲਕਿ ਸਮੁੱਚੇ ਏਸ਼ੀਆ ਤੇ ਦੁਨੀਆਂ ਲਈ ਬਹੁਤ ਵੱਡਾ ਖਤਰਾ ਹਨ। ਬਾਹਰੋਂ ਕਿਸੇ ਕਿਸਮ ਦੀ ਰਸਦ ਨਾ ਆਉਣ ਦੇਣ ਦੇ ਨਾਲ ਮਨੁੱਖੀ ਸੰਕਟ ਗਾਜ਼ਾ ਵਿਖੇ ਬਹੁਤ ਗੰਭੀਰ ਹੋ ਗਿਆ ਹੈ। ਨਾਟੋ ਦੁਆਰਾ ਸਮਰਥਿਤ ਯੂਕਰੇਨ ਅਤੇ ਦੂਜੇ ਪਾਸੇ ਰੂਸ ਵਿਚਕਾਰ ਜਾਰੀ ਯੁੱਧ ਬਹੁਤ ਗੰਭੀਰ ਸਥਿਤੀਆਂ ਪੈਦਾ ਕਰ ਰਿਹਾ ਹੈ ਅਤੇ ਮਨੁੱਖੀ ਸੰਕਟ ਪੈਦਾ ਕਰ ਰਿਹਾ ਹੈ। ਇਹ ਦੁਨੀਆ ਭਰ ਦੇ ਮਨੁੱਖਤਾਵਾਦੀ ਅਤੇ ਸ਼ਾਂਤੀਪਸੰਦ ਲੋਕਾਂ ਲਈ ਬਹੁਤ ਵੱਡੀ ਚੁਣੌਤੀ ਹੈ। ਪਾਰਟੀ ਦੇ ਮਹਾਂ ਸੰਮੇਲਨ ਵਿੱਚ ਇਸ ਕਿਸਮ ਦੇ ਵਿਸ਼ਿਆਂ ’ਤੇ ਗੰਭੀਰ ਚਰਚਾ ਕੀਤੀ ਜਾਏਗੀ।ਇਸ ਪਿਛੋਕੜ ਵਿਚ ਸੀ ਪੀ ਆਈ ਦਾ 25ਵਾਂ ਮਹਾਂ ਸੰਮੇਲਨ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਅਤੇ ਲੋਕਾਂ ਨੂੰ ਸਹਿਣੀਆਂ ਪੈ ਰਹੀਆਂ ਮੁਸ਼ਕਲਾਂ ਦੇ ਲਈ ਹੱਲ ਲੱਭਣ ਅਤੇ ਨੀਤੀਆਂ ਤੈਅ ਕਰਨ ਵਿੱਚ ਬਹੁਤ ਮਹੱਤਵਪੂਰਨ ਘਟਨਾ ਹੋਵੇਗੀ।
ਕੇਂਦਰੀ ਟਰੇਡ ਯੂਨੀਅਨਾਂ, ਸੁਤੰਤਰ ਸੈਕਟੋਰਲ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਪਲੇਟਫਾਰਮਾਂ ਦੁਆਰਾ 20 ਮਈ ਨੂੰ ਕੀਤੀ ਜਾਣ ਵਾਲੀ ਦੇਸ਼-ਵਿਆਪੀ ਹੜਤਾਲ ਬਾਰੇ ਵੀ ਅਮਰਜੀਤ ਕੌਰ ਨੇ ਸੂਚਿਤ ਕੀਤਾ। ਉਨ੍ਹਾ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਸ ਹੜਤਾਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ ।
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਦੀ ਸਥਾਪਨਾ 1925 ਵਿੱਚ 26 ਦਸੰਬਰ ਨੂੰ ਕਾਨਪੁਰ ਵਿਖੇ ਹੋਈ ਸੀ। ਪੰਜਾਬ ਨੂੰ 100 ਸਾਲਾ ਸਥਾਪਨਾ ਸਮਾਗਮਾਂ ਦੇ ਮੌਕੇ 25ਵਾਂ ਮਹਾਂ ਸੰਮੇਲਨ ਕਰਨ ਦਾ ਮਾਣ ਪ੍ਰਾਪਤ ਹੋ ਰਿਹਾ ਹੈ। ਪੰਜਾਬ ਦੇ ਲੋਕ ਆਜ਼ਾਦੀ ਦੇ ਸੰਘਰਸ਼ ਵਿੱਚ ਮੁਢਲੀਆਂ ਸਫਾਂ ਵਿੱਚ ਸ਼ਾਮਲ ਸਨ ਅਤੇ ਬਰਤਾਨਵੀ ਬਸਤੀਵਾਦੀ ਸ਼ਾਸਨ ਖਿਲਾਫ ਪੰਜਾਬੀਆਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਪਾਰਟੀ ਦੇ ਮਹਾਂ ਸੰਮੇਲਨ ਲਈ ਬਣੀ ਸੁਆਗਤੀ ਕਮੇਟੀ ਦਾ ਪ੍ਰਧਾਨ ਡਾਕਟਰ ਸਵਰਾਜਬੀਰ ਸਾਬਕਾ ਆਈ ਪੀ ਐੱਸ, ਸਾਬਕਾ ਸੰਪਾਦਕ ਪੰਜਾਬੀ ਟਿ੍ਰਬਿਊਨ ਅਤੇ ਜੋ ਕਲਾ ਤੇ ਸਾਹਿਤ ਦੇ ਖੇਤਰ ਵਿੱਚ ਇੱਕ ਉੱਘੀ ਸ਼ਖਸੀਅਤ ਹਨ, ਨੂੰ ਪ੍ਰਧਾਨ ਬਣਾਇਆ ਗਿਆ ਹੈ। ਸਵਾਗਤੀ ਕਮੇਟੀ ਦੇ ਜਨਰਲ ਸਕੱਤਰ ਬੰਤ ਸਿੰਘ ਬਰਾੜ ਹੋਣਗੇ। ਇਸ ਦੇ ਨਾਲ ਪਾਰਟੀ ਦੀ ਸਮੁੱਚੀ ਸੂਬਾ ਕੌਂਸਲ ਵੀ ਸਵਾਗਤੀ ਕਮੇਟੀ ਵਿੱਚ ਸ਼ਾਮਲ ਹੋਏਗੀ। ਇਸ ਤੋਂ ਇਲਾਵਾ ਸਿੱਖਿਆ, ਸਿਹਤ, ਕਲਾ, ਸਾਹਿਤ ਆਦਿ ਦੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸ਼ੀਅਤਾਂ ਵੀ ਇਸ ਸੁਆਗਤੀ ਕਮੇਟੀ ਵਿੱਚ ਸ਼ਾਮਲ ਹੋਣਗੀਆਂ।ਪੰਜਾਬੀਆਂ ਨੂੰ ਪ੍ਰਾਹੁਣਚਾਰੀ ਅਤੇ ਉਦਾਰਤਾ ਲਈ ਜਾਣਿਆ ਜਾਂਦਾ ਹੈ। ਬੰਤ ਸਿੰਘ ਬਰਾੜ ਨੇ ਪੰਜਾਬ ਦੇ ਲੋਕਾਂ ਨੂੰ ਮਹਾਂ ਸੰਮੇਲਨ ਲਈ ਫੰਡ ਦੇਣ ਦੀ ਅਪੀਲ ਕੀਤੀ। ਉਹਨਾ ਕਿਹਾ ਕਿ ਪਾਰਟੀ ਸਮਕਾਲੀ ਮੁੱਦਿਆਂ ’ਤੇ ਸੈਮੀਨਾਰਾਂ ਦਾ ਆਯੋਜਨ ਕਰੇਗੀ।ਸ਼ਹੀਦਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ ਦੇ ਪਰਵਾਰਾਂ ਦਾ ਸਨਮਾਨ ਕਰਨ ਲਈ ਜਥਾ ਪ੍ਰੋਗਰਾਮਾਂ ਨੂੰ ਆਯੋਜਿਤ ਕੀਤਾ ਜਾਵੇਗਾ।21 ਸਤੰਬਰ ਨੂੰ ਕਾਂਗਰਸ ਦੇ ਪਹਿਲੇ ਦਿਨ ਇੱਕ ਵਿਸ਼ਾਲ ਰੈਲੀ ਆਯੋਜਿਤ ਕੀਤੀ ਜਾਏਗੀ। ਇਸ ਮੌਕੇ ਇਕ ਯਾਦਗਾਰੀ ਸੋਵੀਨਰ ਛਾਪਿਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦੇ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਗਏ ਲੇਖ ਹੋਣਗੇ। ਇਸ ਮੌਕੇ ਇਤਿਹਾਸਕ ਸੀ ਪੀ ਆਈ ਕਾਂਗਰਸ ਦੀ ਕਾਰਵਾਈ ਬਾਰੇ ਲੋਕਾਂ ਵਿੱਚ ਪ੍ਰਚਾਰ ਲਈ ਮੀਡੀਆ ਤੋਂ ਸਹਾਇਤਾ ਦੀ ਮੰਗ ਕੀਤੀ ਗਈ। ਇਸ ਮੌਕੇ ਪਾਰਟੀ ਕਾਂਗਰਸ ਲਈ ਇੱਕ ਲੋਗੋ ਵੀ ਜਾਰੀ ਕੀਤਾ ਗਿਆ।ਸੂਬਾ ਕੌਂਸਲ ਦੀ ਮੀਟਿੰਗ ਦੇ ਸ਼ੁਰੂ ਵਿੱਚ ਪਹਿਲਗਾਮ ਵਿਖੇ ਨਿਰਦੋਸ਼ ਸੈਲਾਨੀਆਂ ਦੀ ਅੱਤਵਾਦੀਆਂ ਵੱਲੋਂ ਕੀਤੀ ਗਈ ਹੱਤਿਆ ਦੀ ਨਿਖੇਧੀ ਕੀਤੀ ਗਈ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਛਤੀਸਗੜ੍ਹ ਵਿਚ ਨਾਜਾਇਜ਼ ਐਨਕਊਂਟਰਾਂ ਦਾ ਵਿਰੋਧ ਕੀਤਾ ਗਿਆ। ਮੀਟਿੰਗ ਵਿੱਚ ਨਫ਼ਰਤ ਅਤੇ ਧਰੁਵੀਕਰਨ ਦੀਆਂ ਸ਼ਕਤੀਆਂ ਨੂੰ ਹਰਾਉਣ ਲਈ ਤੇ ਧਰਮ ਨਿਰਪੱਖ ਲੋਕਤੰਤਰ ਦੀ ਰਾਖੀ ਲਈ ਹੋਰ ਮਜ਼ਬੂਤੀ ਨਾਲ ਕੰਮ ਕਰਨ ਦਾ ਸੰਕਲਪ ਲਿਆ ਗਿਆ ਅਤੇ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਡਟਣ ਦਾ ਫੈਸਲਾ ਲਿਆ ਗਿਆ। ਪੋਪ ਫਰਾਂਸਿਸ, ਜੋ ਆਮ ਜਨਤਾ ਦੇ ਹਿੱਤਾਂ ਲਈ ਬੋਲਦੇ ਸਨ, ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।ਪਿਛਲੀ ਰਾਜ ਕੌਂਸਲ ਦੀ ਮੀਟਿੰਗ ਤੋਂ ਬਾਅਦ, ਜੋ ਜ਼ਿੰਦਗੀ ਦੇ ਵੱਖ-ਵੱਖ ਸਤਰਾਂ ਦੇ ਪ੍ਰਮੁੱਖ ਵਿਅਕਤੀ ਸਦੀਵੀ ਵਿਛੋੜਾ ਦੇ ਗਏ ਹਨ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਪ੍ਰੈੱਸ ਕਾਨਫਰੰਸ ਦੌਰਾਨ ਡੀ. ਰਾਜਾ ਤੋਂ ਇਲਾਵਾ ਅਮਰਜੀਤ ਕੌਰ, ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਗੁਲਜ਼ਾਰ ਸਿੰਘ ਗੋਰੀਆ, ਡੀ ਪੀ ਮੌੜ, ਐੱਮ ਐੱਸ ਭਾਟੀਆ, ਡਾ. ਅਰੁਣ ਮਿੱਤਰਾ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਮੌਜੂਦ ਸਨ।