ਅਰਸ਼ਦ ਨਦੀਮ ਤੇ ਪਾਕਿਸਤਾਨੀ ਅਭਿਨੇਤਰੀਆਂ ਦੇ ਇੰਸਟਾਗ੍ਰਾਮ ਖਾਤੇ ਬਲਾਕ

0
131

ਨਵੀਂ ਦਿੱਲੀ : ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਇੱਕ ਕਾਨੂੰਨੀ ਅਪੀਲ ਤੋਂ ਬਾਅਦ ਪਾਕਿਸਤਾਨ ਦੇ ਉਲੰਪਿਕ ਜੈਵੇਲੀਅਨ ਚੈਂਪੀਅਨ ਅਰਸ਼ਦ ਨਦੀਮ ਦਾ ਇੰਸਟਾਗ੍ਰਾਮ ਅਕਾਊਂਟ ਵੀ ਭਾਰਤ ’ਚ ਬਲਾਕ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ੋਏਬ ਅਖਤਰ, ਬਾਸਿਤ ਅਲੀ ਤੇ ਸ਼ਾਹਿਦ ਅਫਰੀਦੀ ਦੇ ਬਲਾਕ ਕੀਤੇ ਸਨ। ਪਾਕਿਸਤਾਨੀ ਖਿਡਾਰੀਆਂ ਤੋਂ ਇਲਾਵਾ ਪ੍ਰਸਿੱਧ ਪਾਕਿਸਤਾਨੀ ਫਿਲਮੀ ਕਲਾਕਾਰਾਂ ਮਾਹਿਰਾ ਖਾਨ, ਹਨੀਆ ਆਮਿਰ, ਸਨਮ ਸਈਦ ਅਤੇ ਅਲੀ ਜ਼ਫਰ ਦੇ ਇੰਸਟਾਗ੍ਰਾਮ ਅਕਾਊਂਟ ਵੀ ਬੰਦ ਕਰ ਦਿੱਤੇ ਗਏ ਹਨ। ਬਿਲਾਲ ਅੱਬਾਸ, ਇਖਰਾ ਅਜ਼ੀਜ਼, ਆਇਜ਼ਾ ਖਾਨ, ਇਮਰਾਨ ਅੱਬਾਸ ਅਤੇ ਸਜਲ ਅਲੀ ਦੇ ਇੰਸਟਾਗ੍ਰਾਮ ਅਕਾਊਂਟ ਵੀ ਬਲਾਕ ਕਰ ਦਿੱਤੇ ਗਏ ਹਨ। ਪਾਕਿਸਤਾਨੀ ਸਟਾਰ ਫਵਾਦ ਖਾਨ ਦੀ ਫਿਲਮ ‘ਅਬੀਰ ਗੁਲਾਲ’ ਦੀ ਰਿਲੀਜ਼ ਵੀ ਹਮਲੇ ਤੋਂ ਬਾਅਦ ਲਟਕ ਗਈ ਹੈ। ਹਾਲਾਂਕਿ, ਫਵਾਦ ਖਾਨ ਦਾ ਇੰਸਟਾਗ੍ਰਾਮ ਅਕਾਊਂਟ ਭਾਰਤੀ ਉਪਭੋਗਤਾਵਾਂ ਲਈ ਪਹੁੰਚਯੋਗ ਹੈ।
ਸਰਕਾਰ ਮਰਦਮਸ਼ੁਮਾਰੀ ਲਈ ਫੰਡ ਵੀ ਅਲਾਟ ਕਰੇ : ਖੜਗੇ
ਬੇਂਗਲੁਰੂ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਗਲੀ ਮਰਦਮਸ਼ੁਮਾਰੀ ਵਿੱਚ ਜਾਤੀ ਗਣਨਾ ਲਈ ਲੋੜੀਂਦੇ ਫੰਡ ਅਲਾਟ ਕੀਤੇ ਜਾਣ ਅਤੇ ਇਸ ਸਬੰਧੀ ਸਮਾਂ-ਸੀਮਾ ਤੈਅ ਕੀਤੀ ਜਾਵੇ। ਕੇਂਦਰ ਸਰਕਾਰ ਨੇ ਬੁੱਧਵਾਰ ਆਗਾਮੀ ਮਰਦਮਸ਼ੁਮਾਰੀ ਵਿੱਚ ਜਾਤ ਆਧਾਰਤ ਗਿਣਤੀ ਕਰਾਉਣ ਦਾ ਐਲਾਨ ਕੀਤਾ ਸੀ। ਖੜਗੇ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਜਾਤੀ ਆਧਾਰਤ ਮਰਦਮਸ਼ੁਮਾਰੀ ਦੀ ਮੰਗ ਜ਼ੋਰ-ਸ਼ੋਰ ਨਾਲ ਕੀਤੀ ਸੀ ਅਤੇ ਦੇਸ਼-ਭਰ ਵਿੱਚ ਇਸ ਲਈ ਅੰਦੋਲਨ ਚਲਾਇਆ ਸੀ। ਉਹ ਖੁਸ਼ ਹਨ ਕਿ ਸਰਕਾਰ ਨੇ ਵਿਰੋਧੀ ਪਾਰਟੀਆਂ ਦੀ ਮੰਗ ਮੰਨ ਲਈ ਹੈ।