ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ 22 ਅਪਰੈਲ ਦੇ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਬਣੇ ਤਣਾਅ ਨੂੰ ਘਟਾਉਣ ਅਤੇ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਵੱਖੋ-ਵੱਖਰੇ ਤੌਰ ’ਤੇ ਫੋਨ ’ਤੇ ਗੱਲਬਾਤ ਕੀਤੀ।
ਜੈਸ਼ੰਕਰ ਨਾਲ ਕੀਤੀ ਗੱਲਬਾਤ ਦੌਰਾਨ ਰੂਬੀਓ ਨੇ ਪਹਿਲਗਾਮ ਦਹਿਸ਼ਤੀ ਹਮਲੇ ਵਿਚ ਗਈਆਂ 26 ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ। ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਕਿਹਾ ਕਿ ਰੂਬੀਓ ਨੇ ਅੱਤਵਾਦ ਵਿਰੁੱਧ ਭਾਰਤ ਨਾਲ ਸਹਿਯੋਗ ਲਈ ਅਮਰੀਕਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾ ਭਾਰਤ ਨੂੰ ਦੱਖਣੀ ਏਸ਼ੀਆ ਵਿੱਚ ਤਣਾਅ ਘਟਾਉਣ ਅਤੇ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਲਈ ਪਾਕਿਸਤਾਨ ਨਾਲ ਕੰਮ ਕਰਨ ਲਈ ਵੀ ਉਤਸ਼ਾਹਤ ਕੀਤਾ।
ਗੱਲਬਾਤ ਤੋਂ ਕੁਝ ਘੰਟਿਆਂ ਬਾਅਦ ਜੈਸ਼ੰਕਰ ਨੇ ਵੀਰਵਾਰ ‘ਐੱਕਸ’ ਉੱਤੇ ਕਿਹਾ, ‘ਬੁੱਧਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਪਹਿਲਗਾਮ ਦਹਿਸ਼ਤੀ ਹਮਲੇ ਬਾਰੇ ਚਰਚਾ ਕੀਤੀ। ਇਸ ਦੇ ਦੋਸ਼ੀਆਂ, ਸਮਰਥਕਾਂ ਅਤੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।’ ਭਾਰਤ ਨੇ ਇਸ ਭਿਆਨਕ ਹਮਲੇ ਦਾ ‘ਸਰਹੱਦ ਪਾਰ ਸੰਬੰਧ’ ਹੋਣ ਦਾ ਹਵਾਲਾ ਦਿੰਦੇ ਹੋਏ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਸਖਤ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ।
ਇਸ ਦੌਰਾਨ ਸ਼ਰੀਫ ਨਾਲ ਆਪਣੀ ਗੱਲਬਾਤ ਵਿੱਚ ਰੂਬੀਓ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿੰਦਾ ਕਰਨ ਦੀ ਲੋੜ ਬਾਰੇ ਗੱਲ ਕੀਤੀ। ਰੂਬੀਓ ਅਤੇ ਸ਼ਰੀਫ ਨੇ ‘ਹਿੰਸਾ ਦੇ ਘਿਨਾਉਣੇ ਕੰਮਾਂ ਲਈ ਅੱਤਵਾਦੀਆਂ ਨੂੰ ਜਵਾਬਦੇਹ ਬਣਾਉਣ ਲਈ ਆਪਣੀ ਨਿਰੰਤਰ ਵਚਨਬੱਧਤਾ ਦੀ ਪੁਸ਼ਟੀ ਕੀਤੀ।’ ਬਰੂਸ ਨੇ ਕਿਹਾ, ‘ਰੂਬੀਓ ਨੇ ਇਸ ਗੈਰ-ਜ਼ਿੰਮੇਵਾਰਾਨਾ ਹਮਲੇ ਦੀ ਜਾਂਚ ਵਿੱਚ ਪਾਕਿਸਤਾਨੀ ਅਧਿਕਾਰੀਆਂ ਦੇ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾ ਪਾਕਿਸਤਾਨ ਨੂੰ ਤਣਾਅ ਘਟਾਉਣ, ਸਿੱਧਾ ਸੰਚਾਰ ਮੁੜ ਸਥਾਪਤ ਕਰਨ ਅਤੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਲਈ ਭਾਰਤ ਨਾਲ ਕੰਮ ਕਰਨ ਲਈ ਵੀ ਉਤਸ਼ਾਹਤ ਕੀਤਾ।’




