ਨਵੀਂ ਦਿੱਲੀ : ਪਹਿਲਗਾਮ ਹਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰਦੀ ਲੋਕਹਿੱਤ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਵੀਰਵਾਰ ਨਾਂਹ ਕਰ ਦਿੱਤੀ। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਕਿਹਾ, ‘ਪਟੀਸ਼ਨਰ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਅਦਾਲਤ ਵਿੱਚ ਕੋਈ ਵੀ ਅਜਿਹੀ ਪ੍ਰਾਰਥਨਾ ਨਾ ਕਰਨ, ਜਿਸ ਨਾਲ ਦੇਸ਼ ਦੀਆਂ ਹਥਿਆਰਬੰਦ ਫੌਜਾਂ ਦਾ ਹੌਸਲਾ ਡਿੱਗਦਾ ਹੋਵੇ।’ ਬੈਂਚ ਨੇ ਕਿਹਾ, ‘ਤੁਸੀਂ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਨੂੰ ਜਾਂਚ ਕਰਨ ਲਈ ਕਹਿ ਰਹੇ ਹੋ। ਉਹ ਜਾਂਚ ਦੇ ਮਾਹਰ ਨਹੀਂ ਹਨ, ਸਿਰਫ ਕਿਸੇ ਮੁੱਦੇ ਦਾ ਫੈਸਲਾ ਕਰ ਸਕਦੇ ਹਨ।’ ਬੈਂਚ ਦੀਆਂ ਟਿੱਪਣੀਆਂ ਤੋਂ ਬਾਅਦ ਪਟੀਸ਼ਨਰਾਂ ਨੇ ਪਟੀਸ਼ਨਾਂ ਵਾਪਸ ਲੈ ਲਈਆਂ।




