ਟਰੰਪ ਦਬਕੇ ਮਾਰ ਕੇ ਯੂਕਰੇਨ ਨਾਲ ਖਣਿਜ ਸੌਦਾ ਮਾਰ ਗਿਆ

0
78

ਵਾਸ਼ਿੰਗਟਨ : ਅਮਰੀਕਾ ਅਤੇ ਯੂਕਰੇਨ ਨੇ ਬੁੱਧਵਾਰ ਇਤਿਹਾਸਕ ਆਰਥਿਕ ਸਮਝੌਤੇ ਦਾ ਐਲਾਨ ਕੀਤਾ, ਜਿਸ ਰਾਹੀਂ ਯੂਕਰੇਨ ਨੂੰ ਅਮਰੀਕੀ ਫੌਜੀ ਅਤੇ ਆਰਥਿਕ ਮਦਦ ਦੇ ਬਦਲੇ ਉਸ ਦੇ ਖਣਿਜ ਸਰੋਤਾਂ ਤੱਕ ਅਮਰੀਕਾ ਦੀ ਪਹੁੰਚ ਯਕੀਨੀ ਹੋਵੇਗੀ। ਕਈ ਹਫਤਿਆਂ ਤੱਕ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਹੋਇਆ ਹੈ। ਅਮਰੀਕਾ ਯੂਕਰੇਨ ’ਤੇ ਰੂਸੀ ਹਮਲਿਆਂ ਨੂੰ ਰੋਕਣ ਲਈ ਅਰਬਾਂ ਡਾਲਰ ਦੀ ਫੌਜੀ ਅਤੇ ਆਰਥਿਕ ਮਦਦ ਦੇਣ ਦੇ ਬਦਲੇ ਵਿੱਚ ਮੁਆਵਜ਼ਾ ਮੰਗ ਰਿਹਾ ਸੀ।
ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ‘ਐੱਕਸ’ ’ਤੇ ਪੋਸਟ ਕੀਤੇ ਇਕ ਵੀਡੀਓ ਵਿਚ ਕਿਹਾ, ‘ਇਹ ਭਾਗੀਦਾਰੀ ਅਮਰੀਕਾ ਨੂੰ ਯੂਕਰੇਨ ਨਾਲ ਨਿਵੇਸ਼ ਕਰਨ, ਯੂਕਰੇਨ ਦੀ ਵਿਕਾਸ ਸੰਪਤੀ ਦੀ ਵਰਤੋਂ ਕਰਨ, ਅਮਰੀਕੀ ਹੁਨਰ, ਪੂੰਜੀ ਅਤੇ ਪ੍ਰਸ਼ਾਸਨਕ ਮਿਆਰਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੇਵੇਗੀ, ਜੋ ਕਿ ਯੂਕਰੇਨ ਦੇ ਨਿਵੇਸ਼ ਮਾਹੌਲ ਵਿੱਚ ਸੁਧਾਰ ਲਿਆਉਣਗੇ ਅਤੇ ਆਰਥਿਕ ਸੁਧਾਰ ਨੂੰ ਤੇਜ਼ੀ ਦੇਣਗੇ।’ ਇਹ ਐਲਾਨ ਉਸ ਸਮੇਂ ਹੋਇਆ ਹੈ, ਜਦੋਂ ਟਰੰਪ ਰੂਸ ਅਤੇ ਯੂਕਰੇਨ ਦੇ ਆਗੂਆਂ ਨਾਲ ਜੰਗ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਲੜਾਈ ਤੋਂ ਨਿਰਾਸ਼ ਹਨ। ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਉਨ੍ਹਾ ਦੀਆਂ ਨੀਤੀਆਂ ਕਰਕੇ ਜੰਗ ਲੰਮੀ ਹੋ ਰਹੀ ਹੈ ਅਤੇ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਉਨ੍ਹਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਵੀ ਆਲੋਚਨਾ ਕੀਤੀ ਕਿ ਉਹ ਘਾਤਕ ਹਮਲਿਆਂ ਨੂੰ ਰੋਕਣ ਬਾਰੇ ਗੱਲਬਾਤ ਨੂੰ ਔਖਾ ਬਣਾ ਰਹੇ ਹਨ।
ਦੋਹਾਂ ਪੱਖਾਂ ਨੇ ਸਮਝੌਤੇ ਬਾਰੇ ਸਿਰਫ ਆਮ ਜਾਣਕਾਰੀ ਦਿੱਤੀ ਹੈ, ਪਰ ਉਮੀਦ ਹੈ ਕਿ ਇਸ ਨਾਲ ਅਮਰੀਕਾ ਨੂੰ ਯੂਕਰੇਨ ਦੇ ਕੀਮਤੀ ਅਤੇ ਦੁਰਲੱਭ ਖਣਿਜਾਂ ਤੱਕ ਪਹੁੰਚ ਮਿਲੇਗੀ, ਜਦੋਂ ਕਿ ਰੂਸ ਨਾਲ ਚੱਲ ਰਹੀ ਲੜਾਈ ਦੌਰਾਨ ਯੂਕਰੇਨ ਨੂੰ ਅਮਰੀਕੀ ਸਮਰਥਨ ਮਿਲਦਾ ਰਹੇਗਾ। ਇਹ ਸਮਝੌਤਾ ਉਦੋਂ ਤੱਕ ਲਾਗੂ ਨਹੀਂ ਹੋਵੇਗਾ, ਜਦੋਂ ਤੱਕ ਇਸ ਨੂੰ ਯੂਕਰੇਨ ਦੀ ਸੰਸਦ ਦੀ ਮਨਜ਼ੂਰੀ ਨਹੀਂ ਮਿਲ ਜਾਂਦੀ। ਪ੍ਰਧਾਨ ਮੰਤਰੀ ਡੇਨਿਸ ਸ਼ਮਹਿਲ ਨੇ ਯੂਕਰੇਨ ਦੇ ਇਕ ਟੀ ਵੀ ਸੰਦੇਸ਼ ਵਿੱਚ ਕਿਹਾ ਕਿ ਯੂਕਰੇਨ ਦੀ ਆਰਥਿਕ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਯੂਲੀਆ ਸਵੀਰੀਡੇਂਕੋ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਬੁੱਧਵਾਰ ਨੂੰ ਵਾਸ਼ਿੰਗਟਨ ਪਹੁੰਚੀ ਸੀ।