ਨਵੀਂ ਦਿੱਲੀ : ਯੋਗ ਅਭਿਆਸੀ ਤੇ ਬਿਜ਼ਨਸਮੈਨ ਬਾਬਾ ਰਾਮਦੇਵ ਦਿੱਲੀ ਹਾਈ ਕੋਰਟ ਦੇ ਤਿੱਖੇ ਤੇਵਰ ਨੂੰ ਭਾਂਪਦਿਆਂ ਵੀਰਵਾਰ ਫਿਰ ਬੈਕ ਮਾਰ ਕੇ ਮੌਕਾ ਬਚਾਅ ਗਿਆ। ‘ਸ਼ਰਬਤ ਜਿਹਾਦ’ ਦੇ ਮਾਮਲੇ ਵਿੱਚ ਬਾਬੇ ਦੀ ਤਾਜ਼ਾ ਵੀਡੀਓ ਦੇਖ ਕੇ ਜਦੋਂ ਹਾਈ ਕੋਰਟ ਦੇ ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ 22 ਅਪ੍ਰੈਲ ਦੇ ਨਿਰਦੇਸ਼ ਦੀ ਪਾਲਣਾ ਨਾ ਕਰਨ ਵਾਲੇ ਬਾਬੇ ਖਿਲਾਫ ਉਹ ਹੱਤਕ ਅਦਾਲਤ ਦਾ ਨੋਟਿਸ ਜਾਰੀ ਕਰਨਗੇ ਤਾਂ ਬਾਬੇ ਦੇ ਵਕੀਲ ਨੇ ਕਿਹਾ ਕਿ ਨਵੀਂ ਵੀਡੀਓ ਦਾ ਇਤਰਾਜ਼ਯੋਗ ਹਿੱਸਾ 24 ਘੰਟਿਆਂ ਵਿੱਚ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਫਾਜ਼ਲ ਜੱਜ ਨੇ ਸੁਣਵਾਈ 2 ਮਈ ਤਕ ਅੱਗੇ ਪਾ ਦਿੱਤੀ।
‘ਹਮਦਰਦ’ ਦੀ ਰੂਹ ਅਫਜ਼ਾ ਸ਼ਰਬਤ ਵਿਰੁੱਧ ‘ਸ਼ਰਬਤ ਜਿਹਾਦ’ ਵਰਗੀਆਂ ਵਿਵਾਦਗ੍ਰਸਤ ਟਿੱਪਣੀਆਂ ਲਈ ਉਸ ਖਿਲਾਫ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਲਈ ਅਦਾਲਤੀ ਮਾਣਹਾਨੀ ਦੇ ਮਾਮਲੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਵੀਰਵਾਰ ਕਿਹਾ ਕਿ ਰਾਮਦੇਵ ਕਿਸੇ ਦੇ ਕੰਟਰੋਲ ਵਿੱਚ ਨਹੀਂ ਅਤੇ ਆਪਣੀ ਹੀ ਦੁਨੀਆਂ ਵਿੱਚ ਰਹਿੰਦੈ। ਅਦਾਲਤ ਨੇ ਪਹਿਲਾਂ ਉਸ ਨੂੰ ਹਮਦਰਦ ਦੇ ਉਤਪਾਦਾਂ ’ਤੇ ਭਵਿੱਖ ਵਿੱਚ ਕੋਈ ਬਿਆਨ ਜਾਰੀ ਨਾ ਕਰਨ ਜਾਂ ਵੀਡੀਓ ਸਾਂਝਾ ਨਾ ਕਰਨ ਦਾ ਹੁਕਮ ਦਿੱਤਾ ਸੀ।
ਜਸਟਿਸ ਅਮਿਤ ਬਾਂਸਲ ਨੇ ਬਾਬੇ ਦੀ ਨਵੀਂ ਵੀਡੀਓ ਦੇਖ ਕੇ ਕਿਹਾ, ‘ਪਿਛਲੇ ਹੁਕਮ ਦੇ ਮੱਦੇਨਜ਼ਰ ਉਸ ਦਾ ਹਲਫਨਾਮਾ ਅਤੇ ਇਹ ਵੀਡੀਓ ਪਹਿਲੀ ਨਜ਼ਰੇ ਬੇਅਦਬੀ ਦਾ ਮਾਮਲਾ ਬਣਦੇ ਹਨ। ਮੈਂ ਹੁਣ ਹੱਤਕ ਅਦਾਲਤ ਦਾ ਨੋਟਿਸ ਜਾਰੀ ਕਰਾਂਗਾ।’ ਬੈਂਚ ਨੇ ਇਹ ਗੱਲ ਅਦਾਲਤ ਨੂੰ ਹਮਦਰਦ ਦੇ ਵਕੀਲ ਵੱਲੋਂ ਇਹ ਸੂਚਨਾ ਦਿੱਤੇ ਜਾਣ ਤੋਂ ਬਾਅਦ ਕਹੀ ਕਿ ਅਦਾਲਤ ਦੇ 22 ਅਪਰੈਲ ਦੇ ਹੁਕਮਾਂ ਦੇ ਬਾਵਜੂਦ ਰਾਮਦੇਵ ਨੇ ਇਤਰਾਜ਼ਯੋਗ ਬਿਆਨ ਦਿੰਦਿਆਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ। ਜੱਜ ਨੇ ਕਿਹਾ, ‘ਉਹ (ਰਾਮਦੇਵ) ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ। ਉਹ ਆਪਣੀ ਦੁਨੀਆ ਵਿੱਚ ਰਹਿੰਦੈ।’
ਹਮਦਰਦ ਦੇ ਵਕੀਲ ਨੇ ਕਿਹਾ ਕਿ ਨਵੀਂ ਵੀਡੀਓ ਵਿੱਚ ਬਾਬੇ ਨੇ ਕਿਹਾ ਹੈ ਕਿ ਹਮਦਰਦ ਵਾਲੇ ਆਪਣੇ ਮੁਨਾਫੇ ਨਾਲ ਮਦਰੱਸੇ ਤੇ ਮਸਜਿਦ ਬਣਾਉਦੇ ਹਨ ਅਤੇ ਔਰੰਗਜ਼ੇਬ ਵਿੱਚ ਵਿਸ਼ਵਾਸ ਰੱਖਦੇ ਹਨ, ਜਦਕਿ ਪਤੰਜਲੀ ਭਗਵਾਨ ਰਾਮ ਵਿੱਚ ਵਿਸ਼ਵਾਸ ਕਰਦਾ ਹੈ। ਦੱਸਣਯੋਗ ਹੈ ਕਿ ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਨੇ ਵਿਵਾਦਪੂਰਨ ਟਿੱਪਣੀਆਂ ਲਈ ਰਾਮਦੇਵ ਅਤੇ ਉਸ ਦੀ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪਿਛਲੀ ਸੁਣਵਾਈ ਮੌਕੇ ’ਤੇ ਕਿਹਾ ਸੀ ਕਿ ਹਮਦਰਦ ਦੀ ਰੂਹ ਅਫਜ਼ਾ ’ਤੇ ਰਾਮਦੇਵ ਦੀ ਸ਼ਰਬਤ ਜਿਹਾਦ ਵਾਲੀ ਟਿੱਪਣੀ ਨੇ ਉਸ ਦੀ ਜ਼ਮੀਰ ਨੂੰ ਕੰਬਾ ਦਿੱਤਾ ਸੀ ਅਤੇ ਇਹ ਵਾਜਬ ਨਹੀਂ ਸੀ। ਇਸ ’ਤੇ ਯੋਗ ਗੁਰੂ ਨੂੰ ਇਹ ਭਰੋਸਾ ਦੇਣ ਲਈ ਮਜਬੂਰ ਹੋਣਾ ਪਿਆ ਕਿ ਉਹ ਤੁਰੰਤ ਸੰਬੰਧਤ ਵੀਡੀਓ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾ ਦੇੇਵੇਗਾ।





