ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇ ਭਾਰਤ ਨੇ ਸਿੰਧੂ ਜਲ ਸੰਧੀ ਦੀ ਉਲੰਘਣਾ ਕੀਤੀ ਤੇ ਸਿੰਧ ਦਰਿਆ ’ਤੇ ਕੋਈ ਢਾਂਚਾ (ਡੈਮ) ਖੜ੍ਹਾ ਕੀਤਾ ਤਾਂ ਪਾਕਿਸਤਾਨ ਉਸ ਨੂੰ ਉਡਾ ਦੇਵੇਗਾ। ‘ਜਿਓ ਨਿਊਜ਼’ ਟੈਲੀਵਿਜ਼ਨ ਚੈਨਲ ਨਾਲ ਇੰਟਰਵਿਊ ’ਚ ਖਵਾਜਾ ਨੇ ਕਿਹਾ ਕਿ ਸਿੰਧ ਦਰਿਆ ’ਤੇ ਕਿਸੇ ਵੀ ਤਰ੍ਹਾਂ ਦੇ ਢਾਂਚੇ ਦੀ ਉਸਾਰੀ ਨੂੰ ਭਾਰਤ ਦਾ ਹਮਲਾ ਸਮਝਿਆ ਜਾਵੇਗਾ। ਭਾਰਤ ਨੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਦਹਿਸ਼ਤਗਰਦਾਂ ’ਤੇ ਹਮਲੇ ਦੇ ਬਾਅਦ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਖਵਾਜਾ ਨੇ ਕਿਹਾ ਕਿ ਹਮਲਾ ਸਿਰਫ ਤੋਪਾਂ ਜਾਂ ਬੰਦੂਕਾਂ ਚਲਾਉਣਾ ਨਹੀਂ ਹੁੰਦਾ, ਇਸ ਦੇ ਕਈ ਰੂਪ ਹੁੰਦੇ ਹਨ। ਇਨ੍ਹਾਂ ਵਿੱਚ ਇੱਕ ਰੂਪ ਪਾਣੀ ਰੋਕ ਕੇ ਜਾਂ ਉਸ ਦਾ ਰਾਹ ਬਦਲ ਕੇ ਲੋਕਾਂ ਨੂੰ ਭੁੱਖੇ-ਤਿਹਾਏ ਰੱਖ ਕੇ ਮਾਰਨਾ ਵੀ ਹੁੰਦਾ ਹੈ। ਖਵਾਜਾ ਨੇ ਕਿਹਾ ਕਿ ਫਿਲਹਾਲ ਪਾਕਿਸਤਾਨ ਸੰਬੰਧਤ ਮੰਚਾਂ ’ਤੇ ਸਿੰਧੂ ਜਲ ਸੰਧੀ ਦਾ ਮਾਮਲਾ ਉਠਾਉਣ ਜਾ ਰਿਹਾ ਹੈ।





