ਇੰਦੌਰ : ਹਾਲਾਂਕਿ ਡਾਕਟਰੀ ਕਾਫੀ ਤਰੱਕੀ ਕਰ ਚੁੱਕੀ ਹੈ, ਪਰ ਇੱਕ ਪੜ੍ਹੇ-ਲਿਖੇ ਜੋੜੇ ਨੇ ਬੇ੍ਰਨ ਟਿਊਮਰ ਤੋਂ ਪੀੜਤ ਬੱਚੀ ਦੇ ਇਲਾਜ ਦੀ ‘ਰੂਹਾਨੀ ਪ੍ਰਣਾਲੀ’ ਨੂੰ ਤਰਜੀਹ ਦਿੱਤੀ। ਦਰਅਸਲ ਇਸ ਰੂਹਾਨੀ ਪ੍ਰਣਾਲੀ ਨੂੰ ਜੈਨ ਧਰਮ ਵਾਲੇ ਸੰਥਾਰਾ ਕਹਿੰਦੇ ਹਨ। ਸੱਲੇਖਨਾ, ਸਮਾਧੀ ਮਰਨ, ਪੰਡਤ ਮਰਨ ਤੇ ਸੰਨਿਆਸ ਮਰਨ ਵੀ ਕਹਿੰਦੇ ਹਨ। ਇਸ ਵਿੱਚ ਮਰਨ ਵਰਤ ਰੱਖਿਆ ਜਾਂਦਾ ਹੈ। ਵਿਅਕਤੀ ਹੌਲੀ-ਹੌਲੀ ਅੰਨ-ਪਾਣੀ ਘਟਾਉਦਾ ਜਾਂਦਾ ਹੈ ਤੇ ਫਿਰ ਉਸ ਦੀ ਮੌਤ ਹੋ ਜਾਂਦੀ ਹੈ। ਜੈਨ ਧਰਮ ਵਾਲੇ ਇਸ ਨੂੰ ਰੂਹਾਨੀ ਸ਼ੁੱਧੀਕਰਨ ਤੇ ਦੁਨੀਆ ਤੋਂ ਮੁਕਤੀ ਦੱਸਦੇ ਹਨ। ਪ੍ਰਥਾ ਮੁਤਾਬਕ ਜਦੋਂ ਬੰਦੇ ਨੂੰ ਲੱਗਦਾ ਹੈ ਕਿ ਮੌਤ ਨੇੜੇ ਹੈ ਤਾਂ ਉਹ ਇੱਕ ਕਮਰੇ ਵਿੱਚ ਬੰਦ ਹੋ ਜਾਂਦਾ ਹੈ ਤੇ ਖਾਣਾ-ਪੀਣਾ ਤਿਆਗ ਦਿੰਦਾ ਹੈ, ਪਰ ਇੱਥੇ ਇਹ ਪ੍ਰਥਾ ਇੱਕ ਨਿੱਕੀ ਜਿਹੀ ਬੱਚੀ ’ਤੇ ਲਾਗੂ ਕੀਤੀ ਗਈ, ਜਿਸ ਨੇ ਅਜੇ ਦੁਨੀਆ ਨਹੀਂ ਦੇਖੀ ਸੀ, ਮੌਤ ਨੇੜੇ ਆਉਣ ਦਾ ਇਲਹਾਮ ਤਾਂ ਉਸ ਨੂੰ ਕਿੱਥੇ ਹੋਣਾ ਸੀ।
21 ਮਾਰਚ ਨੂੰ ਆਖਰੀ ਸਾਹ ਲੈਣ ਵਾਲੀ ਤਿੰਨ ਸਾਲ ਦੀ ਬੱਚੀ ਵਿਯਾਨਾ ਜੈਨ ਦੇ ਮਾਂ-ਬਾਪ, ਜਿਹੜੇ ਆਈ ਟੀ ਪ੍ਰੋਫੈਸ਼ਨਲ ਹਨ, ਨੇ ਦੱਸਿਆ ਕਿ ‘ਗੋਲਡਨ ਬੁੱਕ ਆਫ ਵਰਲਡ ਰਿਕਾਰਡਜ਼’ ਨੇ ਇਸ ਦਾ ਨੋਟਿਸ ਲੈ ਕੇ ਵਿਯਾਨਾ ਦੇ ਨਾਂਅ ਸਰਟੀਫਿਕੇਟ ਜਾਰੀ ਕਰਕੇ ਕਿਹਾ ਹੈ ਕਿ ਉਹ ਸੰਥਾਰਾ ਪ੍ਰਥਾ ਤਹਿਤ ਮੁਕਤੀ ਹਾਸਲ ਕਰਨ ਵਾਲੀ ਸਭ ਤੋਂ ਨਿੱਕੀ ਉਮਰ ਦੀ ਸੀ। ਜੋੜੇ ਨੇ ਦੱਸਿਆ ਕਿ ਉਨ੍ਹਾਂ ਜੈਨ ਮੁਨੀ ਦੀ ਸਲਾਹ ’ਤੇ ਇਹ ਢੰਗ ਅਪਣਾਇਆ। ਬੱਚੀ ਦੇ ਪਿਤਾ ਪਿਯੂਸ਼ ਜੈਨ ਨੇ ਦੱਸਿਆ, ‘ਬੱਚੀ ਨੂੰ ਬ੍ਰੇਨ ਟਿਊਮਰ ਦਾ ਜਨਵਰੀ ਵਿੱਚ ਪਤਾ ਲੱਗਿਆ। ਉਸ ਦੀ ਸਰਜਰੀ ਹੋਈ ਤੇ ਸਿਹਤ ਵਿੱਚ ਸੁਧਾਰ ਵੀ ਹੋਇਆ, ਪਰ ਮਾਰਚ ਵਿੱਚ ਸਿਹਤ ਵਿਗੜ ਗਈ ਅਤੇ ਉਸ ਲਈ ਖਾਣਾ-ਪੀਣਾ ਮੁਸ਼ਕਲ ਹੋ ਗਿਆ। 21 ਮਾਰਚ ਦੀ ਰਾਤ ਮੈਂ ਪਰਵਾਰ ਨਾਲ ਬੱਚੀ ਨੂੰ ਲੈ ਕੇ ਰਾਜੇਸ਼ ਮੁਨੀ ਦੇ ਦਰਸ਼ਨਾਂ ਲਈ ਗਿਆ। ਮਹਾਰਾਜ ਜੀ ਨੇ ਕਿਹਾ ਕਿ ਬੱਚੀ ਦਾ ਅੰਤ ਨੇੜੇ ਹੈ ਅਤੇ ਉਸ ਨੂੰ ਸੰਥਾਰਾ ਕਰਵਾਇਆ ਜਾਵੇ, ਇਸ ਦੀ ਜੈਨ ਧਰਮ ਵਿੱਚ ਬਹੁਤ ਅਹਿਮੀਅਤ ਹੈ। ਸੋਚ-ਵਿਚਾਰ ਕੇ ਅਸੀਂ ਰਾਜ਼ੀ ਹੋ ਗਏ। ਸੰਥਾਰਾ ਦੀਆਂ ਰਸਮਾਂ ਪੂਰੀਆਂ ਕਰਨ ਦੇ ਕੁਝ ਮਿੰਟਾਂ ਬਾਅਦ ਬੱਚੀ ਦੀ ਮੌਤ ਹੋ ਗਈ।’
ਬੱਚੀ ਦੀ ਮਾਂ ਵਰਸ਼ਾ ਜੈਨ ਨੇ ਕਿਹਾ, ‘ਮੈਂ ਦੱਸ ਨਹੀਂ ਸਕਦੀ ਕਿ ਸੰਥਾਰਾ ਦਾ ਫੈਸਲਾ ਕਿੰਨੀ ਮੁਸ਼ਕਲ ’ਚ ਲਿਆ। ਬੱਚੀ ਦੀ ਹਾਲਤ ਦੇਖੀ ਨਹੀਂ ਜਾਂਦੀ ਸੀ। ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਅਗਲੇ ਜਨਮ ਵਿੱਚ ਹਮੇਸ਼ਾ ਖੁਸ਼ ਰਹੇ।’
ਸੰਥਾਰਾ ਬਾਰੇ ਕਾਨੂੰਨੀ ਤੇ ਧਾਰਮਕ ਹਲਕਿਆਂ ਵਿੱਚ ਵਿਵਾਦ 2015 ਵਿੱਚ ਭਖਿਆ ਸੀ, ਜਦੋਂ ਰਾਜਸਥਾਨ ਹਾਈ ਕੋਰਟ ਨੇ ਇਸ ਨੂੰ ਤਾਜ਼ੀਰਾਤੇ ਹਿੰਦ ਦੀ ਦਫਾ 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ 309 (ਖੁਦਕੁਸ਼ੀ ਦੀ ਕੋਸ਼ਿਸ਼) ਤਹਿਤ ਸਜ਼ਾਯੋਗ ਅਪਰਾਧ ਐਲਾਨਿਆ ਸੀ, ਪਰ ਸੁਪਰੀਮ ਕੋਰਟ ਨੇ ਜੈਨ ਭਾਈਚਾਰੇ ਦੀਆਂ ਧਾਰਮਕ ਸੰਸਥਾਵਾਂ ਵੱਲੋਂ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਰਾਜਸਥਾਨ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਾ ਦਿੱਤੀ ਸੀ।





