ਮਾਸਕੋ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 7 ਤੋਂ 10 ਮਈ ਲਈ ਰੂਸ ਦੇ ਦੌਰੇ ’ਤੇ ਜਾਣਗੇ। ਸ਼ੀ ਪਹਿਲਾਂ ਹੀ ਉਨ੍ਹਾਂ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ, ਜੋ 9 ਮਈ ਨੂੰ ਮਾਸਕੋ ’ਚ ਵਿਕਟਰੀ ਡੇਅ ਪਰੇਡ ’ਚ ਸ਼ਾਮਲ ਹੋਣਗੇ। ਸ਼ੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੇ ਸੰਬੰਧਾਂ ਤੋਂ ਇਲਾਵਾ ਕੌਮਾਂਤਰੀ ਅਤੇ ਖੇਤਰੀ ਏਜੰਡੇ ਦੇ ਮੁੱਦਿਆਂ ਉੱਤੇ ਚਰਚਾ ਕਰਨਗੇ। ਦੋਨੋਂ ਆਗੂ ਕਈ ਦੁਵੱਲੇ ਦਸਤਾਵੇਜ਼ਾਂ ’ਤੇ ਸਹੀ ਵੀ ਪਾਉਣਗੇ। ਫਰਵਰੀ 2022 ਤੋਂ ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਲੜਾਈ ਦੌਰਾਨ ਸ਼ੀ ਦੀ ਇਹ ਤੀਜੀ ਰੂਸ ਫੇਰੀ ਹੋਵੇਗੀ।
ਵਕਫ ਕਾਨੂੰਨ ਖਿਲਾਫ ਸੁਣਵਾਈ ਅੱਜ
ਨਵੀਂ ਦਿੱਲੀ : ਸੁਪਰੀਮ ਕੋਰਟ ਵਕਫ (ਸੋਧ) ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਬਾਰੇ ਪੰਜ ਮਈ ਨੂੰ ਸੁਣਵਾਈ ਕਰੇਗੀ। ਇਸ ਸੋਧ ਐਕਟ ਦੇ ਪਾਸ ਹੋਣ ਤੋਂ ਬਾਅਦ ਇਸ ਦਾ ਦੇਸ਼ ਭਰ ਵਿਚ ਵਿਰੋਧ ਹੋਇਆ ਸੀ ਤੇ ਇਸ ਸੰਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਪਾਈਆਂ ਗਈਆਂ ਸਨ।
ਟਰੱਕ ਖੱਡ ’ਚ, 3 ਜਵਾਨਾਂ ਦੀ ਮੌਤ
ਰਾਮਬਨ : ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਫੌਜੀ ਟਰੱਕ ਦੇ ਸੜਕ ਕਿਨਾਰੇ 700 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ। ਟਰੱਕ ਜੰਮੂ ਤੋਂ ਸ੍ਰੀਨਗਰ ਜਾ ਰਹੇ ਕਾਫਲੇ ਵਿੱਚ ਸ਼ਾਮਲ ਸੀ। ਹਾਦਸਾ ਸਵੇਰੇ 11:30 ਵਜੇ ਦੇ ਕਰੀਬ ਬੈਟਰੀ ਚਸ਼ਮਾ ਨੇੜੇ ਵਾਪਰਿਆ। ਮਾਰੇ ਜਾਣ ਵਾਲਿਆਂ ਦੀ ਪਛਾਣ ਸਿਪਾਹੀ ਅਮਿਤ ਕੁਮਾਰ, ਸੁਜੀਤ ਕੁਮਾਰ ਤੇ ਮਾਨ ਬਹਾਦੁਰ ਵਜੋਂ ਹੋਈ ਹੈ।
ਈ ਡੀ ਦੀਆਂ ਸ਼ਕਤੀਆਂ ’ਤੇ ਸੁਣਵਾਈ 7 ਨੂੰ
ਨਵੀਂ ਦਿੱਲੀ : ਸੁਪਰੀਮ ਕੋਰਟ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਈ ਡੀ ਵੱਲੋਂ ਸੰਪਤੀਆਂ ਨੂੰ ਕੁਰਕ ਕਰਨ ਦੀਆਂ ਸ਼ਕਤੀਆਂ ਵਿਰੁੱਧ ਪਾਈਆਂ ਪਟੀਸ਼ਨਾਂ ਬਾਰੇ ਸੁਣਵਾਈ ਸੱਤ ਮਈ ਨੂੰ ਕਰੇਗੀ। ਸੁਪਰੀਮ ਕੋਰਟ ਨੇ ਇਸ ਲਈ ਤਿੰਨ ਜੱਜਾਂ ਦੀ ਬੈਂਚ ਦਾ ਪੁਨਰਗਠਨ ਕੀਤਾ ਹੈ। ਉਹ ਵਿਚਾਰੇਗੀ ਕਿ ਕੀ ਅਜਿਹੀਆਂ ਸ਼ਕਤੀਆਂ ਨੂੰ ਬਰਕਰਾਰ ਰੱਖਣ ਵਾਲੇ ਉਸ ਦੇ 2022 ਦੇ ਫੈਸਲੇ ’ਤੇ ਪੁਨਰਵਿਚਾਰ ਦੀ ਲੋੜ ਹੈ। ਤਿੰਨ ਮੈਂਬਰੀ ਬੈਂਚ ਵਿੱਚ ਜਸਟਿਸ ਸੂਰੀਆ ਕਾਂਤ, ਜਸਟਿਸ ਉੱਜਲ ਭੂਈਆਂ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਹੋਣਗੇ।
ਪ੍ਰੀਖਿਆ ਦੀ ਪੂਰਬਲੀ ਸ਼ਾਮ ਖੁਦਕੁਸ਼ੀ
ਕੋਟਾ : ਇੱਥੇ ਪਾਰਸ਼ਵਨਾਥ ਇਲਾਕੇ ਵਿੱਚ ਨੀਟ-ਯੂ ਜੀ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਸ਼ਨਿੱਚਰਵਾਰ ਸ਼ਾਮ ਆਪਣੇ ਕਮਰੇ ਵਿੱਚ ਲੋਹੇ ਦੀ ਗਰਿੱਲ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਇਹ ਸਿਰੇ ਦਾ ਕਦਮ ਐਤਵਾਰ ਲਈ ਜਾਣ ਵਾਲੀ ਰਾਸ਼ਟਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਚੁੱਕਿਆ। ਕੁਨਹਾੜੀ ਪੁਲਸ ਥਾਣੇ ਦੇ ਸਰਕਲ ਇੰਸਪੈਕਟਰ ਅਰਵਿੰਦ ਭਾਰਦਵਾਜ ਨੇ ਵਿਦਿਆਰਥਣ ਦੀ ਪਛਾਣ ਦੱਸਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਕੁੜੀ 18 ਸਾਲ ਤੋਂ ਘੱਟ ਉਮਰ ਦੀ ਸੀ ਅਤੇ ਮੱਧ ਪ੍ਰਦੇਸ਼ ਦੇ ਸ਼ਿਓਪੁਰ ਦੀ ਰਹਿਣ ਵਾਲੀ ਸੀ। ਉਹ ਪਿਛਲੇ ਕਈ ਸਾਲਾਂ ਤੋਂ ਕੋਟਾ ਵਿੱਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ ਅਤੇ ਇੱਕ ਕੋਚਿੰਗ ਇੰਸਟੀਚਿਊਟ ਵਿੱਚ ਨੀਟ-ਯੂ ਜੀ ਦੀ ਤਿਆਰੀ ਕਰ ਰਹੀ ਸੀ। ਘਟਨਾ ਸਮੇਂ ਪਰਵਾਰਕ ਮੈਂਬਰ ਘਰ ਵਿੱਚ ਸਨ ਅਤੇ ਉਨ੍ਹਾਂ ਨੂੰ ਰਾਤ 9 ਵਜੇ ਦੇ ਕਰੀਬ ਮੌਤ ਬਾਰੇ ਪਤਾ ਲੱਗਾ।




