ਨਵੀਂ ਦਿੱਲੀ : ਭਾਰਤ ਨੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਸੈਲਾਨੀਆਂ ਦੀਆਂ ਹੱਤਿਆਵਾਂ ਦੇ ਮੱਦੇਨਜ਼ਰ ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨ ਜਾਂ ਉਸ ਦੀ ਸਰਹੱਦ ਤੋਂ ਹੋ ਕੇ ਆਉਣ ਵਾਲੀਆਂ ਵਸਤਾਂ ’ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਦੇ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਇੱਕ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਇਹ ਪਾਬੰਦੀ ਫੌਰੀ ਤੌਰ ’ਤੇ ਅਮਲ ਵਿਚ ਆ ਜਾਵੇਗੀ।
ਭਾਰਤ ਪਾਕਿਸਤਾਨ ਨੂੰ ਮੁੱਖ ਤੌਰ ’ਤੇ ਕਪਾਹ, ਆਰਗੈਨਿਕ ਕੈਮੀਕਲਜ਼, ਪਸ਼ੂ ਖੁਰਾਕ, ਖਾਣ ਵਾਲੇ ਤੇਲ, ਪਲਾਸਟਿਕ ਆਰਟੀਕਲ, ਮੈਨ-ਮੇਡ ਫਿਲਾਮੈਂਟ, ਕੌਫੀ, ਚਾਹ, ਮਸਾਲੇ, ਡਾਈਜ਼, ਤੇਲ ਬੀਜ, ਡੇਅਰੀ ਪ੍ਰੋਡਕਟਸ ਤੇ ਦਵਾਈਆਂ ਭੇਜਦਾ ਸੀ ਅਤੇ ਪਾਕਿਸਤਾਨ ਤੋਂ ਤਾਂਬਾ, ਫਲ ਤੇ ਮੇਵੇ, ਕਪਾਹ, ਲੂਣ, ਗੰਧਕ, ਵੂਲ ਆਦਿ ਮੰਗਾਉਦਾ ਸੀ। ਵਪਾਰ ਤੋਂ ਇਲਾਵਾ ਜਹਾਜ਼ਰਾਨੀ ਲਿੰਕ ਵੀ ਮੁਅੱਤਲ ਕਰ ਦਿੱਤੇ ਗਏ ਹਨ। ਹੁਣ ਪਾਕਿਸਤਾਨੀ ਝੰਡੇ ਵਾਲਾ ਕੋਈ ਜਹਾਜ਼ ਭਾਰਤੀ ਬੰਦਰਗਾਹ ’ਤੇ ਨਹੀਂ ਰੁਕੇਗਾ ਤੇ ਭਾਰਤੀ ਝੰਡੇ ਵਾਲਾ ਜਹਾਜ਼ ਪਾਕਿਸਤਾਨੀ ਬੰਦਰਗਾਹ ’ਤੇ ਨਹੀਂ ਰੁਕੇਗਾ।
ਇਸੇ ਦੌਰਾਨ ਡਾਕ ਵਿਭਾਗ ਨੇ ਪਾਕਿਸਤਾਨ ਨਾਲ ਡਾਕ ਤੇ ਪਾਰਸਲ ਦਾ ਲੈਣ-ਦੇਣ ਵੀ ਬੰਦ ਕਰ ਦਿੱਤਾ ਹੈ। ਭਾਰਤ ਨੇ ਪਹਿਲਗਾਮ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਹੈ, ਜਦਕਿ ਪਾਕਿਸਤਾਨ ਨੇ ਅਜਿਹੇ ਦੋਸ਼ ਨਕਾਰੇ ਹਨ।
ਪਾਕਿਸਤਾਨ ਨੇ ਕਿਹਾ ਹੈ ਕਿ ਉਸ ਕੋਲ ਖੁਫੀਆ ਜਾਣਕਾਰੀ ਹੈ ਕਿ ਭਾਰਤ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਹੈ। ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈਆਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਾਰੇ ਸਰਹੱਦੀ ਵਪਾਰ ਨੂੰ ਰੋਕਣਾ, ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨਾ ਅਤੇ ਭਾਰਤੀ ਡਿਪਲੋਮੈਟਾਂ ਨੂੰ ਕੱਢਣਾ ਸ਼ਾਮਲ ਹੈ।





