ਚਰਚਾ 400 ਦੇ 400 ਅੰਕ ਲੈਣ ਦੀ ਨਹੀਂ…

0
127

ਕੋਲਕਾਤਾ : ਆਈ ਐੱਸ ਸੀ ਦੀ ਬਾਰ੍ਹਵੀਂ ਦੀ ਪ੍ਰੀਖਿਆ ’ਚ 400 ਦੇ 400 ਅੰਕ ਹਾਸਲ ਕਰਨ ਵਾਲੀ ਸਿ੍ਰਜਨੀ ਦੀ ਚਰਚਾ ਨੰਬਰ ਕਰਕੇ ਨਹੀਂ, ਸਗੋਂ ਇਸ ਕਰਕੇ ਹੋ ਰਹੀ ਹੈ ਕਿ ਉਸ ਨੇ ਪ੍ਰੀਖਿਆ ਫਾਰਮ ਵਿੱਚ ਆਪਣਾ ਸਰਨੇਮ ਨਾ ਲਿਖਣ ਦਾ ਦਲੇਰਾਨਾ ਫੈਸਲਾ ਲਿਆ ਸੀ। ਉਸ ਨੇ ਧਰਮ ਵਾਲੇ ਖਾਨੇ ਵਿੱਚ ਲਿਖਿਆਇਨਸਾਨੀਅਤ।
ਕੋਲਕਾਤਾ ਦੇ ਟੌਲੀਗੰਜ ਇਲਾਕੇ ’ਚ ਰਾਣੀਕੁੱਠੀ ਵਿਖੇ ਰਹਿੰਦੀ ਸਿ੍ਰਜਨੀ ਦੇ ਪਿਤਾ ਦੇਬਾਸ਼ੀਸ਼ ਗੋਸਵਾਮੀ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਵਿੱਚ ਪੜ੍ਹਾਉਦੇ ਹਨ, ਜਦਕਿ ਮਾਤਾ ਗੋਪਾ ਮੁਖਰਜੀ ਗੁਰੂਦਾਸ ਕਾਲਜ ’ਚ ਪੜ੍ਹਾਉਦੀ ਹੈ। ਦੋਨਾਂ ਨੂੰ ਆਪਣੀ ਧੀ ਦੀਆਂ ਅਕਾਦਮਿਕ ਪ੍ਰਾਪਤੀਆਂ ਤੇ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣ ’ਤੇ ਮਾਣ ਹੈ। ਸਿ੍ਰਜਨੀ ਨੇ ਦੱਸਿਆ ਕਿ ਉਹ ਅਜਿਹਾ ਸੰਸਾਰ ਚਾਹੁੰਦੀ ਹੈ, ਜਿੱਥੇ ਲੋਕਾਂ ਨੂੰ ਜਾਤ, ਧਰਮ, ਲਿੰਗ ਜਾਂ ਪਿਛੋਕੜ ਨੂੰ ਪਾਸੇ ਰੱਖ ਕੇ ਬਰਾਬਰ ਸਮਝਿਆ ਜਾਵੇ। ਇਸੇ ਕਰਕੇ ਉਸ ਨੇ ਸਰਨੇਮ ਹਟਾਇਆ। ਉਸ ਨੇ ਕਿਹਾ, ‘‘ਮੇਰੇ ਦੋਸਤ ਤੇ ਪਿਆਰੇ ਮੈਨੂੰ ਪਹਿਲੇ ਨਾਂਅ ਨਾਲ ਹੀ ਪੁਕਾਰਦੇ ਹਨ। ਮੈਂ ਸਰਨੇਮ ਲਾਉਣ ਦੀ ਲੋੜ ਨਹੀਂ ਸਮਝਦੀ, ਕਿਉਕਿ ਇਸ ਤੋਂ ਤੁਹਾਡੀ ਸਮਾਜੀ ਤੇ ਧਾਰਮਿਕ ਪਛਾਣ ਸਾਹਮਣੇ ਆਉਦੀ ਹੈ। ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਮੇਰੀ ਕਰਨੀ ਤੋਂ ਜਾਨਣ, ਨਾ ਕਿ ਮੇਰੇ ਪਿਛੋਕੜ ਤੋਂ। ਮੇਰੇ ਸਰਨੇਮ ਹਟਾਉਣ ਦੇ ਫੈਸਲੇ ਦੀ ਪਰਵਾਰ ਤੇ ਦੋਸਤਾਂ ਨੇ ਪੂਰੀ ਹਮਾਇਤ ਕੀਤੀ ਸੀ।’’
ਸਿ੍ਰਜਨੀ ਦੀ ਮਾਤਾ ਨੇ ਕਿਹਾ, ‘‘ਅਸੀਂ ਆਪਣੀਆਂ ਦੋਹਾਂ ਧੀਆਂ ਨੂੰ ਆਜ਼ਾਦੀ ਨਾਲ ਜਿਊਣ ਦੇ ਮੌਕੇ ਦਿੱਤੇ ਹਨ। ਜਦੋਂ ਅਸੀਂ ਉਨ੍ਹਾਂ ਦੇ ਜਨਮ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ, ਸਰਨੇਮ ਨਹੀਂ ਵਰਤਿਆ ਸੀ। ਮੈਂ ਖੁਦ ਪਤੀ ਦਾ ਸਰਨੇਮ ਨਹੀਂ ਵਰਤਦੀ।’’ ਫਿਊਚਰ ਫਾਊਂਡੇਸ਼ਨ ਸਕੂਲ ਦੇ ਇੱਕ ਸਟਾਫ ਮੈਂਬਰ ਨੇ ਕਿਹਾ ਕਿ ਵਿਦਿਆਰਥੀ ਜੇ ਸਰਨੇਮ ਨਹੀਂ ਵਰਤਣਾ ਚਾਹੁੰਦੇ ਤਾਂ ਇਸ ਦੀ ਉਨ੍ਹਾਂ ਨੂੰ ਖੁੱਲ੍ਹ ਹੈ। ਇਹ ਕਾਨੂੰਨਨ ਸਹੀ ਹੈ। ਸਿ੍ਰਜਨੀ ਆਪਣੇ ਪਿਤਾ ਦੇਬਾਸ਼ੀਸ਼ ਗੋਸਵਾਮੀ ਵਾਂਗ ਵਿਗਿਆਨਕ ਖੋਜ ਦੇ ਖੇਤਰ ’ਚ ਜਾਣਾ ਚਾਹੁੰਦੀ ਹੈ। ਦੇਬਾਸ਼ੀਸ਼ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਦਾ ਵਕਾਰੀ ਸ਼ਾਂਤੀ ਸਵਰੂਪ ਭਟਨਾਗਰ ਐਵਾਰਡ ਮਿਲ ਚੁੱਕਿਆ ਹੈ। ਹੋਣਹਾਰ ਵਿਦਿਆਰਥਣ ਦੇ ਨਾਲ-ਨਾਲ ਸਿ੍ਰਜਨੀ ਸਮਾਜੀ ਤੌਰ ’ਤੇ ਵੀ ਚੇਤੰਨ ਹੈ। ਕੋਲਕਾਤਾ ਵਿੱਚ ਮੈਡੀਕਲ ਦੀ ਵਿਦਿਆਰਥਣ ਦੇ ਬਲਾਤਕਾਰ ਤੇ ਕਤਲ ਵਿਰੁੱਧ ਅੰਦੋਲਨ ਵਿੱਚ ਉਸ ਨੇ ਹਿੱਸਾ ਲਿਆ ਸੀ। ਉਸ ਨੇ ਕਿਹਾ ਕਿ ਇਸ ਨਾਲ ਉਸ ਦੀ ਪੜ੍ਹਾਈ ’ਤੇ ਕੋਈ ਫਰਕ ਨਹੀਂ ਪਿਆ। ਉਸ ਨੇ ਇਹ ਵੀ ਕਿਹਾ, ‘‘ਮੈਂ ਮਾਂ-ਪਿਓ, ਭੈਣ ਤੇ ਕਰੀਬੀ ਦੋਸਤਾਂ ਨਾਲ ਗੱਲਬਾਤ ਕਰਨ ਤੇ ਟਾਈਮ ਪਾਸ ਕਰਨ ਦਾ ਟਾਈਮ ਕੱਢ ਲੈਂਦੀ ਹਾਂ। ਮੈਂ ਕਿਤਾਬੀ ਕੀੜੀ ਨਹੀਂ।’’