20 ਦੀ ਹੜਤਾਲ ਦੀ ਮੁਕੰਮਲ ਕਾਮਯਾਬੀ ਲਈ ਸੂਬਾ ਪੱਧਰੀ ਕਨਵੈਨਸ਼ਨ

0
131

ਜਲੰਧਰ (ਰਾਜੇਸ਼ ਥਾਪਾ)
ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਕੇਂਦਰ ਅਤੇ ਰਾਜ ਸਰਕਾਰਾਂ ਵਿਰੁੱਧ ਲੋਕ ਅਤੇ ਮੁਲਾਜ਼ਮ, ਮਜ਼ਦੂਰ, ਕਿਸਾਨ ਵਿਰੋਧੀ ਨੀਤੀਆਂ ਦੇ ਵਿਰੁੱਧ 18 ਮਾਰਚ ਨੂੰ ਦਿੱਲੀ ਕਨਵੈਨਸ਼ਨ ਕਰਕੇ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ। ਪੰਜਾਬ ਅੰਦਰ ਵੀ ਇਸ ਹੜਤਾਲ ਦੀ ਤਿਆਰੀ ਅਤੇ ਸਫਲਤਾ ਲਈ ਸੂਬੇ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਐਤਵਾਰ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਸੁਰਿੰਦਰ ਸ਼ਰਮਾ ਇੰਟਕ, ਬੰਤ ਬਰਾੜ ਏਟਕ, ਮਹਾਂ ਸਿੰਘ ਰੋੜੀ ਸੀਟੂ, ਰਾਜਵਿੰਦਰ ਰਾਣਾ ਏਕਟੂ, ਦੇਵ ਰਾਜ ਵਰਮਾ ਸੀ ਟੀ ਯੂ , ਕੁਲਵਿੰਦਰ ਸਿੰਘ ਵੜੈਚ ਇਫਟੂ ਅਤੇ ਕੁਲਵੰਤ ਸਿੰਘ ਬਾਵਾ ਐੱਚ ਐੱਮ ਐੱਸ ’ਤੇ ਅਧਾਰਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਕਨਵੈਨਸ਼ਨ ਦੇ ਸ਼ੁਰੂ ਵਿਚ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਕਨਵੈਨਸ਼ਨ ਨੂੰ ਨਿਰਮਲ ਸਿੰਘ ਧਾਲੀਵਾਲ, ਚੰਦਰ ਸ਼ੇਖਰ, ਅਮਰੀਕ ਸਿੰਘ, ਨੱਥਾ ਸਿੰਘ , ਰਾਜ ਸਿੰਘ, ਸ਼ਿਵ ਕੁਮਾਰ ਅਤੇ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਤੀਸ਼ ਰਾਣਾ, ਜਗਦੀਸ਼ ਸਿੰਘ ਚਾਹਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਗਗਨਦੀਪ ਸਿੰਘ ਭੁੱਲਰ, ਜਰਮਨਜੀਤ ਸਿੰਘ ਅਤੇ ਊਸ਼ਾ ਰਾਣੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਫਿਰਕੂ ਅਜੰਡੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨ ਅਤੇ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਹਿੱਤ ਕੀਤੀ ਜਾ ਰਹੀ ਇਸ ਦੇਸ਼-ਵਿਆਪੀ ਹੜਤਾਲ ਦੀ ਸਫਲਤਾ ਲਈ ਇਹ ਕਨਵੈਨਸ਼ਨ ਕੀਤੀ ਜਾ ਰਹੀ ਹੈ। ਆਗੂਆਂ ਆਖਿਆ ਕਿ 20 ਮਈ ਦੀ ਦੇਸ਼-ਵਿਆਪੀ ਹੜਤਾਲ ਜਿੱਥੇ ਸਮਾਜੀਕਰਨ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਤਬਾਹਕੁੰਨ ਆਰਥਕ ਤੇ ਸਨਅਤੀ ਨੀਤੀਆਂ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਫੈਸਲਿਆਂ ਖਿਲਾਫ ਹੈ, ਉੱਥੇ ਸਾਰੇ ਚਾਰ ਲੇਬਰ ਕੋਡ ਰੱਦ ਕਰਵਾਉਣ, ਘੱਟੋ-ਘੱਟ ਉਜਰਤ 26 ਹਜਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰਵਾਉਣ, ਜਨਤਕ ਵੰਡ ਪ੍ਰਣਾਲੀ ਨੂੰ ਸਮੁੱਚੇ ਦੇਸ਼ ਅੰਦਰ ਲਾਗੂ ਅਤੇ ਮਜ਼ਬੂਤ ਕਰਵਾਉਣ, ਪੀ ਐੱਫ ਆਰ ਡੀ ਏ ਬਿੱਲ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ, ਰਾਜ ਸਰਕਾਰ ਦੁਆਰਾ ਜਮ੍ਹਾਂ ਕੀਤੀ ਰਾਸ਼ੀ ਵਾਪਸ ਕਰਵਾਉਣ, ਸਾਰੇ ਸ਼ੇਅਰ ਧਾਰਕਾਂ ਨੂੰ ਈ ਪੀ ਐੱਸ-95 ਦੇ ਤਹਿਤ ਪਰਿਭਾਸ਼ਿਤ ਲਾਭ ਪੈਨਸ਼ਨ ਪ੍ਰਣਾਲੀ ਵਿੱਚ ਲਿਆਉਣ, ਹਰ ਪ੍ਰਕਾਰ ਦੇ ਕੱਚੇ, ਠੇਕੇ, ਆਊਟ ਸੋਰਸਿੰਗ, ਡੇਲੀਵੇਜ਼, ਵਰਕਚਾਰਜ, ਇਨਲਿਸਟਮੈਟ, ਇੰਨਸੈਨਟਿਵ/ ਮਾਣ ਭੱਤੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਵਾਉਣ ਅਤੇ ਸਰਕਾਰੀ ਵਿਭਾਗਾਂ ਅੰਦਰ ਪੱਕੇ ਤੌਰ ’ਤੇ ਭਰਤੀ ਕਰਕੇ ਖਾਲੀ ਅਸਾਮੀਆਂ ਨੂੰ ਭਰਵਾਉਣ, ਸਰਕਾਰੀ ਵਿਭਾਗਾਂ ਦੇ ਨਿੱਜੀਕਰਨ, ਨਿਗਮੀਕਰਨ, ਪੁਨਰਗਠਨ ਨੂੰ ਬੰਦ ਕਰਵਾਉਣ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਦੀ ਅਦਾਇਗੀ ਯਕਮੁਸ਼ਤ ਕਰਵਾਉਣ, ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ ਆਦਿ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਕਨਵੈਨਸ਼ਨ ਵੱਲੋਂ 20 ਮਈ ਦੀ ਹੜਤਾਲ ਨੂੰ ਸਫਲ ਕਰਨ ਹਿੱਤ ਸੱਦਾ ਦਿੱਤਾ ਗਿਆ ਕਿ ਜ਼ਿਲ੍ਹਾ ਅਤੇ ਤਹਿਸੀਲ/ ਬਲਾਕ ਪੱਧਰਾਂ ’ਤੇ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਇਸਤਰੀਆਂ, ਦੁਕਾਨਦਾਰਾਂ ਅਤੇ ਹੋਰ ਕਿਰਤੀ ਵਰਗ ਦੀਆਂ ਜਥੇਬੰਦੀਆਂ ਨਾਲ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣ ਅਤੇ ਸਮੂਹ ਲੋਕਾਂ ਨੂੰ ਅਪੀਲ ਕਰਕੇ 20 ਮਈ ਨੂੰ ਸਾਂਝੇ ਤੌਰ ’ਤੇ ਸਮੁੱਚੇ ਪੰਜਾਬ ਨੂੰ ਬੰਦ ਕੀਤਾ ਜਾਵੇ।
ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਬਾਜ਼ ਸਿੰਘ ਖਹਿਰਾ, ਸੁਰਿੰਦਰ ਰਾਮ ਕੁੱਸਾ, ਰਣਜੀਤ ਸਿੰਘ ਰਾਣਵਾਂ, ਅਮਰੀਕ ਸਿੰਘ ਮਸੀਤਾਂ ਆਦਿ ਆਗੂ ਹਾਜ਼ਰ ਸਨ।