ਐਕਸ਼ਨ ਨੂੰ ਅੰਤਮ ਛੋਹਾਂ

0
106

ਨਵੀਂ ਦਿੱਲੀ : ਪਹਿਲਗਾਮ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸਨਿੱਚਰਵਾਰ ਜਲ ਸੈਨਾ ਮੁਖੀ ਐਡਮਿਰਲ ਡੀ ਕੇ ਤਿ੍ਰਪਾਠੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਸਨ। ਜਲ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਅਰਬ ਸਾਗਰ ਵਿੱਚ ਨਾਜ਼ੁਕ ਸਮੁੰਦਰੀ ਮਾਰਗਾਂ ਦੀ ਸਮੁੱਚੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ। ਇਹ ਮੁਲਾਕਾਤਾਂ ਇਸ ਲਈ ਅਹਿਮ ਹਨ, ਕਿਉਂਕਿ ਫਰਵਰੀ 2019 ਵਿੱਚ ਪੁਲਵਾਮਾ ਵਿੱਚ ਹੋਏ ਆਖਰੀ ਵੱਡੇ ਦਹਿਸ਼ਤੀ ਹਮਲੇ ਦਾ ਜਵਾਬ ਭਾਰਤੀ ਹਵਾਈ ਸੈਨਾ ਨੇ ਦਿੱਤਾ ਸੀ, ਜਿਸ ਵਿੱਚ ਜੈੱਟ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਬੰਬਾਰੀ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਹਵਾਈ ਰੱਖਿਆ ਦੇ ਮਾਮਲੇ ਵਿੱਚ ਭਾਰਤੀ ਹਵਾਈ ਸੈਨਾ ਦੀ ਤਾਕਤ ਕਈ ਗੁਣਾ ਵਧੀ ਹੈ। ਬਾਲਾਕੋਟ ਹਮਲੇ ਤੋਂ ਬਾਅਦ ਰਾਫੇਲ ਜੈੱਟਾਂ ਵਿੱਚ ਅਜਿਹੀਆਂ ਮਿਜ਼ਾਈਲਾਂ ਸ਼ਾਮਲ ਹਨ, ਜੋ ਆਪਣੇ ਨਿਸ਼ਾਨੇ ਨੂੰ ਪੂਰੀ ਸਟੀਕਤਾ ਨਾਲ ਫੁੰਡ ਸਕਦੀਆਂ ਹਨ। ਰੂਸ ਦੀ ਬਣੀ ਐੱਸ-400 ਹਵਾਈ ਰੱਖਿਆ ਪ੍ਰਣਾਲੀ ਕਈ ਖਤਰਿਆਂ ਨੂੰ ਟਰੈਕ ਅਤੇ ਨਿਸ਼ਾਨਾ ਬਣਾ ਸਕਦੀ ਹੈ।