ਆਸਟ੍ਰੇਲੀਆ ਵਿੱਚ ਤਿੰਨ ਮਈ ਨੂੰ ਹੋਈਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਐਨਥਨੀ ਅਲਬਨੀਜ਼ ਦੀ ਅਗਵਾਈ ਵਾਲੀ ਹੁਕਮਰਾਨ ਸੈਂਟਰ-ਲੈੱਫਟ ਲੇਬਰ ਪਾਰਟੀ ਨੇ 151 ਵਿੱਚੋਂ 87 ਸੀਟਾਂ ਜਿੱਤ ਲਈਆਂ ਸਨ ਤੇ ਕੁਝ ਸੀਟਾਂ ’ਤੇ ਗਿਣਤੀ ਚੱਲ ਰਹੀ ਸੀ। 21 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਪਾਰਟੀ ਤਿੰਨ ਸਾਲਾਂ ਲਈ ਲਗਾਤਾਰ ਦੂਜੀ ਵਾਰ ਸੱਤਾ ’ਚ ਆਈ ਹੈ। ਸੱਜ-ਪਿਛਾਖੜੀ ਆਪੋਜ਼ੀਸ਼ਨ ਲਿਬਰਲ ਪਾਰਟੀ ਸਿਰਫ 41 ਸੀਟਾਂ ਜਿੱਤ ਸਕੀ ਸੀ, ਜੋ ਕਿ 1946 ਤੋਂ ਬਾਅਦ ਉਸ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਇਸ ਨਤੀਜੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖਿਲਾਫ ਵਿਸ਼ਵ ਭਾਵਨਾ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ। ਇਸ ਜਿੱਤ ਨੂੰ ਵਿਸ਼ਵ ਪੱਧਰ ’ਤੇ ਟਰੰਪ ਦੀਆਂ ਨੀਤੀਆਂ ਤੇ ਉਸ ਦੇ ਹਾਮੀਆਂ ਨੂੰ ਇੱਕ ਚਿਤਾਵਨੀ ਸਮਝਿਆ ਜਾ ਰਿਹਾ ਹੈ। ਆਪੋਜ਼ੀਸ਼ਨ ਦੇ ਆਗੂ ਪੀਟਰ ਡਟਨ ਨੇ ਆਪਣੀ ਚੋਣ ਨੀਤੀ ’ਚ ਟਰੰਪ-ਸ਼ੈਲੀ ਦੀਆਂ ਨੀਤੀਆਂ ਤੇ ਬਿਆਨਬਾਜ਼ੀ ਨੂੰ ਅਪਨਾਉਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਦੇ ‘ਮੇਕ ਅਮਰੀਕਾ ਗ੍ਰੇਟ ਅਗੇੇਨ’ ਨਾਅਰੇ ਦੀ ਤਰਜ਼ ਉੱਤੇ ‘ਮੇਕ ਆਸਟ੍ਰੇਲੀਆ ਗ੍ਰੇਟ ਅਗੇਨ’ ਦਾ ਸਹਾਰਾ ਲਿਆ ਸੀ ਅਤੇ ਟਰੰਪ ਵਾਂਗ ‘ਡਿਪਾਰਟਮੈਂਟ ਆਫ ਗੌਰਮਿੰਟ ਐਫੀਸ਼ੀਐਂਸੀ’ ਵਰਗਾ ਮਹਿਕਮਾ ਕਾਇਮ ਕਰਨ ਦੀ ਗੱਲ ਕਹੀ ਸੀ। ਇਹ ਰਣਨੀਤੀ ਪੁੱਠੀ ਪਈ ਅਤੇ ਵੋਟਰਾਂ ਨੇ ਟਰੰਪ ਦੀਆਂ ਅਸਥਿਰ ਵਪਾਰ ਨੀਤੀਆਂ ਤੇ ਵਿਸ਼ਵ ਅਸ਼ਾਂਤੀ ਪ੍ਰਤੀ ਨਾਤਸੱਲੀ ਦਾ ਪ੍ਰਗਟਾਵਾ ਕੀਤਾ। ਖਾਸਕਰ ਨੌਜਵਾਨ ਵਰਗ ਲਿਬਰਲ ਪਾਰਟੀ ਦੇ ਆਗੂ ਤੋਂ ਨਾਰਾਜ਼ ਨਜ਼ਰ ਆਇਆ। ਟਰੰਪ ਵੱਲੋਂ ਆਸਟ੍ਰੇਲੀਆ ਦੇ ਐਲੂਮੀਨੀਅਮ ਤੇ ਸਟੀਲ ’ਤੇ 25 ਫੀਸਦੀ ਤੇ ਹੋਰ ਚੀਜ਼ਾਂ ’ਤੇ 10 ਫੀਸਦੀ ਟੈਰਿਫ ਵਧਾਉਣ ਤੋਂ ਵੋਟਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੀ। ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਆਸਟ੍ਰੇਲੀਆ ਦੇ 66 ਫੀਸਦੀ ਲੋਕ ਅਮਰੀਕਾ ਨੂੰ ਭਰੋਸੇਮੰਦ ਸੁਰੱਖਿਆ ਸਹਿਯੋਗੀ ਮੰਨਣਾ ਹਟ ਗਏ ਹਨ। ਇਹ ਪਿਛਲੇ ਸਾਲ ਜੂਨ ਦੇ 39 ਫੀਸਦੀ ਨਾਲੋਂ ਕਿਤੇ ਵੱਧ ਸੀ। ਨੌਜਵਾਨ ਵੋਟਰਾਂ ਨੇ ਲੇਬਰ ਪਾਰਟੀ ਦੀਆਂ ਊਰਜਾ ਤੇ ਜਲਵਾਯੂ ਪਰਿਵਰਤਨ ਬਾਰੇ ਨੀਤੀਆਂ ਦੀ ਹਮਾਇਤ ਕੀਤੀ ਅਤੇ ਡਟਨ ਦੀ ਪ੍ਰਮਾਣੂ ਊਰਜਾ ਦੀ ਵਕਾਲਤ ਨੂੰ ਗੈਰਅਮਲੀ ਸਮਝਿਆ। ਪੀਟਰ ਡਟਨ ਨੂੰ ਇਨ੍ਹਾਂ ਚੋਣਾਂ ਵਿੱਚ ਦੂਹਰੀ ਮਾਰ ਪਈ ਹੈ। ਨਾ ਸਿਰਫ ਉਸ ਦੀ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ, ਬਲਕਿ ਉਹ ਦੋ ਦਹਾਕਿਆਂ ਤੋਂ ਸੰਭਾਲੀ ਆਪਣੀ ਸੀਟ ਵੀ ਹਾਰ ਗਿਆ।
ਲੇਬਰ ਪਾਰਟੀ ਦੀ ਇਹ ਜਿੱਤ ਕੈਨੇਡਾ ਵਿੱਚ ਹਾਲ ਹੀ ’ਚ ਸੈਂਟਰ-ਲੈੱਫਟ ਲਿਬਰਲ ਪਾਰਟੀ ਦੀ ਜਿੱਤ ਨਾਲ ਮੇਲ ਖਾਂਦੀ ਹੈ। ਕੈਨੇਡਾ ’ਚ ਵੀ ਟਰੰਪ ਵਿਰੋਧੀ ਭਾਵਨਾ ਨੇ ਵੋਟਰਾਂ ਨੂੰ ਪ੍ਰਭਾਵਤ ਕੀਤਾ। ਕੈਨੇਡਾ ਦੇ ਲੋਕਾਂ ਨੇ ਟਰੰਪ ਦੀਆਂ ਆਰਥਕ ਨੀਤੀਆਂ ਤੇ ਅੱਤ ਦੱਖਣਪੰਥੀ ਸੋਚ ਦੀ ਥਾਂ ਸਥਿਰਤਾ ਤੇ ਉਦਾਰ ਨੀਤੀਆਂ ਨੂੰ ਤਰਜੀਹ ਦਿੱਤੀ। ਦੋਹਾਂ ਦੇਸ਼ਾਂ ਦੇ ਚੋਣ ਫਤਵੇ ਵਿਸ਼ਵ ਪੱਧਰ ’ਤੇ ਇਸ ਅਹਿਮ ਰੁਝਾਨ ਨੂੰ ਦਰਸਾਉਦੇ ਹਨ ਕਿ ਟਰੰਪ ਦੀਆਂ ਨੀਤੀਆਂ ਤੇ ਉਸ ਦੀ ਨਕਲ ਕਰਨ ਵਾਲੇ ਆਗੂ ਵੋਟਰਾਂ ਵਿੱਚ ਛੰਡੇ ਜਾ ਰਹੇ ਹਨ। ਟਰੰਪ ਵਿਰੋਧੀ ਭਾਵਨਾ ਨੇ ਨਾ ਸਿਰਫ ਆਸਟ੍ਰੇਲੀਆ ਤੇ ਕੈਨੇਡਾ ਸਗੋਂ ਵਿਸ਼ਵ ਰਾਜਨੀਤੀ ’ਚ ਵੀ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ, ਜਿੱਥੇ ਉਦਾਰ ਤੇ ਮੱਧ ਵਰਗੀ ਤਾਕਤਾਂ ਅੱਤ ਦੱਖਣਪੰਥ ਦੇ ਖਿਲਾਫ ਮਜ਼ਬੂਤੀ ਨਾਲ ਖੜ੍ਹੀਆਂ ਹੋ ਰਹੀਆਂ ਹਨ। ਇਹ ਫਤਵੇ ਭਾਰਤ ਲਈ ਵੀ ਕਈ ਸਬਕ ਦਿੰਦੇ ਹਨ। ਆਸਟ੍ਰੇਲੀਆ ਦੀ ਤਰ੍ਹਾਂ ਭਾਰਤ ਵਿੱਚ ਵੀ ਨੌਜਵਾਨ ਵੋਟਰ ਭਵਿੱਖ ਦੀਆਂ ਚੋਣਾਂ ਵਿੱਚ ਫੈਸਲਾਕੁੰਨ ਹੋ ਸਕਦੇ ਹਨ।



