ਟਰੰਪ ਹੁਣ ਫਿਲਮਾਂ ਵਾਲਿਆਂ ਮਗਰ ਪਿਆ

0
111

ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਉਨ੍ਹਾ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ’ਤੇ ਇੱਕ ਪੋਸਟ ’ਚ ਕਿਹਾ ਕਿ ਉਨ੍ਹਾ ਵਣਜ ਵਿਭਾਗ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫਤਰ ਨੂੰ ‘ਸਾਡੇ ਮੁਲਕ ਵਿੱਚ ਆਉਣ ਵਾਲੀ ਕਿਸੇ ਵੀ ਅਤੇ ਸਾਰੀਆਂ ਫਿਲਮਾਂ, ਜੋ ਵਿਦੇਸ਼ੀ ਧਰਤੀ ਉਤੇ ਬਣੀਆਂ ਹੋਣ, ਉਤੇ 100 ਫੀਸਦੀ ਟੈਰਿਫ ਲਗਾਉਣ ਦਾ ਅਧਿਕਾਰ ਦਿੱਤਾ ਹੈ।’ਉਨ੍ਹਾ ਕਿਹਾ, ‘ਅਮਰੀਕਾ ਵਿੱਚ ਫਿਲਮ ਸਨਅਤ ਬਹੁਤ ਤੇਜ਼ੀ ਨਾਲ ਮੌਤ ਦੇ ਮੂੰਹ ਜਾ ਰਹੀ ਹੈ।’ ਨਾਲ ਹੀ ਉਨ੍ਹਾ ਸ਼ਿਕਾਇਤ ਕੀਤੀ ਕਿ ਦੂਜੇ ਮੁਲਕ ਫਿਲਮ ਨਿਰਮਾਤਾਵਾਂ ਅਤੇ ਸਟੂਡੀਓਜ਼ ਨੂੰ ਅਮਰੀਕਾ ਤੋਂ ਦੂਰ ਖਿੱਚਣ ਲਈ ਹਰ ਤਰ੍ਹਾਂ ਦੀਆਂ ਹੱਲਾਸ਼ੇਰੀਆਂ ਦੀ ਪੇਸ਼ਕਸ਼ ਕਰ ਰਹੇ ਹਨ।
ਉਂਜ ਇਹ ਫੌਰੀ ਤੌਰ ’ਤੇ ਸਾਫ਼ ਨਹੀਂ ਹੋ ਸਕਿਆ ਕਿ ਕੌਮਾਂਤਰੀ ਨਿਰਮਾਣ ’ਤੇ ਅਜਿਹਾ ਕੋਈ ਟੈਰਿਫ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਵੱਡੀਆਂ ਅਤੇ ਛੋਟੀਆਂ ਦੋਵਾਂ ਫਿਲਮਾਂ ਦਾ ਅਮਰੀਕਾ ਅਤੇ ਦੂਜੇ ਦੇਸ਼ਾਂ ਵਿੱਚ ਨਿਰਮਾਣ ਸ਼ਾਮਲ ਕਰਨਾ ਆਮ ਗੱਲ ਹੈ। ਮਸਲਨ, ਆਉਣ ਵਾਲੀ ‘ਮਿਸ਼ਨ ਇੰਪੌਸੀਬਲਦ ਫਾਈਨਲ ਰਿਕੋਨਿੰਗ’ ਵਰਗੀਆਂ ਵੱਡੇ ਬਜਟ ਵਾਲੀਆਂ ਫਿਲਮਾਂ ਦੁਨੀਆ ਭਰ ਵਿੱਚ ਸ਼ੂਟ ਕੀਤੀਆਂ ਜਾਂਦੀਆਂ ਹਨ। ਵਰ੍ਹਿਆਂ ਤੋਂ ਪ੍ਰੋਤਸਾਹਨ ਪ੍ਰੋਗਰਾਮਾਂ ਨੇ ਫਿਲਮਾਂ ਦੀ ਸ਼ੂਟਿੰਗ ਦੇ ਸਥਾਨ ਨੂੰ ਪ੍ਰਭਾਵਤ ਕੀਤਾ ਹੈ, ਜਿਸ ਨਾਲ ਫਿਲਮ ਨਿਰਮਾਣ ਕੈਲੀਫੋਰਨੀਆ ਤੋਂ ਬਾਹਰ ਅਤੇ ਕੈਨੇਡਾ ਤੇ ਯੂ ਕੇ ਵਰਗੇ ਅਨੁਕੂਲ ਟੈਕਸ ਹੱਲਾਸ਼ੇਰੀ ਵਾਲੇ ਹੋਰ ਰਾਜਾਂ ਅਤੇ ਦੇਸ਼ਾਂ ਵਿੱਚ ਵਧਦਾ ਜਾ ਰਿਹਾ ਹੈ। ਚੀਨ ਨੇ ਵੀ ਆਪਣੇ ਘਰੇਲੂ ਫਿਲਮ ਨਿਰਮਾਣ ਨੂੰ ਵਧਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਐਨੀਮੇਟਿਡ ਬਲਾਕਬਸਟਰ ‘ਨੇ ਜ਼ਾ 2’ ਨੇ ਇਸ ਸਾਲ 2 ਅਰਬ ਤੋਂ ਵੱਧ ਅਮਰੀਕੀ ਡਾਲਰ ਦੀ ਕਮਾਈ ਕੀਤੀ, ਪਰ ਇਹ ਗੱਲ ਵੀ ਹੈ ਕਿ ਇਸ ਨੇ ਇਹ ਕਮਾਈ ਮੁੱਖ ਤੌਰ ’ਤੇ ਲਗਭਗ ਪੂਰੀ ਤਰ੍ਹਾਂ ਚੀਨ ਵਿੱਚੋਂ ਹੀ ਕੀਤੀ ਹੈ। ਉੱਤਰੀ ਅਮਰੀਕਾ ਮਹਾਂਦੀਪ (ਜਿਸ ਵਿੱਚ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਰਗੇ ਮੁਲਕ ਆਉਂਦੇ ਹਨ) ਵਿੱਚ ਇਸ ਨੇ ਸਿਰਫ 2.09 ਕਰੋੜ ਡਾਲਰ ਦੀ ਹੀ ਕਮਾਈ ਕੀਤੀ।