ਅਪਾਹਜਾਂ ਦਾ ਮਜ਼ਾਕ ਉਡਾਉਣ ’ਤੇ ਕੋਰਟ ’ਚ ਤਲਬ

0
127

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਇੱਕ ਐੱਨ ਜੀ ਓ ਦੀ ਪਟੀਸ਼ਨ ’ਤੇ ‘ਇੰਡੀਆਜ਼ ਗੌਟ ਲੇਟੈਂਟ’ ਦੇ ਹੋਸਟ ਸਮਯ ਰੈਨਾ ਸਮੇਤ ਪੰਜ ਸੋਸ਼ਲ ਮੀਡੀਆ ਪ੍ਰਭਾਵਕਾਂ ਦੀ ਕੋਰਟ ’ਚ ਮੌਜੂਦਗੀ ਦਾ ਹੁਕਮ ਦਿੱਤਾ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਆਪਣੇ ਸ਼ੋਅ ’ਤੇ ਇਕ ਸਪਾਈਨਲ ਮਸਕੂਲਰ ਐਟਰੋਫੀ (ਐੱਸ ਐੱਮ ਏ) ਵਾਲੇ ਵਿਅਕਤੀਆਂ ਦਾ ਮਜ਼ਾਕ ਉਡਾਇਆ। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਮੁੰਬਈ ਪੁਲਸ ਕਮਿਸ਼ਨਰ ਨੂੰ ਕਿਹਾ ਕਿ ਉਹ ਪੰਜ ਵਿਅਕਤੀਆਂ ਦੀ ਕੋਰਟ ’ਚ ਮੌਜੂਦਗੀ ਯਕੀਨੀ ਬਣਾਉਣ ਲਈ ਨੋਟਿਸ ਜਾਰੀ ਕਰਨ, ਨਹੀਂ ਤਾਂ ਜ਼ਬਰਦਸਤੀ ਕਾਰਵਾਈ ਕੀਤੀ ਜਾਵੇਗੀ।
ਬੈਂਚ ਨੇ ਐੱਨ ਜੀ ਓ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਨੂੰ ਕਿਹਾ, ‘ਇਹ ਬਹੁਤ ਹੀ ਨੁਕਸਾਨਦੇਹ ਅਤੇ ਮਨੋਬਲ ਨੂੰ ਢਾਹ ਲਾਉਣ ਵਾਲਾ ਹੈ। ਅਜਿਹੇ ਕਾਨੂੰਨ ਹਨ, ਜੋ ਇਨ੍ਹਾਂ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਧਰ ਇੱਕ ਘਟਨਾ ਨਾਲ ਸਾਰੀ ਕੋਸ਼ਿਸ਼ ਖਤਮ ਹੋ ਜਾਂਦੀ ਹੈ। ਤੁਹਾਨੂੰ ਕਾਨੂੰਨ ਦੇ ਅੰਦਰ ਕੁਝ ਸੁਧਾਰਨ ਵਾਲੀ (ਹੱਲ ਕੱਢਣ ਵਾਲੀ) ਅਤੇ ਦੰਡਕਾਰੀ ਕਾਰਵਾਈ ਬਾਰੇ ਸੋਚਣਾ ਪਏਗਾ।’ ਬੈਂਚ ਨੇ ਕਿਹਾ ਕਿ ਕਿਸੇ ਨੂੰ ਵੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਆੜ ਹੇਠ ਕਿਸੇ ਨੂੰ ਵੀ ਨੀਵਾਂ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੌਰਾਨ ਅਪਾਹਜਾਂ ਅਤੇ ਦੁਰਲੱਭ ਵਿਕਾਰਾਂ ਵਾਲੇ ਲੋਕਾਂ ਬਾਰੇ ਸੋਸ਼ਲ ਮੀਡੀਆ ਸਮਗਰੀ ’ਤੇ ਦਿਸ਼ਾ-ਨਿਰਦੇਸ਼ ਬਣਾਉਣ ’ਤੇ ਵਿਚਾਰ ਕੀਤਾ ਜਾਏ। ਐੱਨ ਜੀ ਓ ਨੇ ਮੌਜੂਦਾ ਕਾਨੂੰਨੀ ਢਾਂਚੇ ਵਿੱਚ ਕਮੀਆਂ ਦਾ ਹਵਾਲਾ ਦਿੱਤਾ ਸੀ ਅਤੇ ਬੈਂਚ ਨੂੰ ਆਨਲਾਈਨ ਸਮਗਰੀ ’ਤੇ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਅਪੀਲ ਕੀਤੀ ਸੀ।