ਪਟਿਆਲਾ : ਐਤਵਾਰ ਜਲੰਧਰ ਵਿਖੇ 20 ਮਈ ਦੀ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅਤੇ ਸੰਯੁਕਤ ਕਿਸਾਨ ਮੋਰਚੇ ਦੁਆਰਾ ਸਮਰਥਤ ਦੇਸ਼-ਵਿਆਪੀ ਹੜਤਾਲ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਸਫਲ ਬਣਾਉਣ ਦੀ ਵਿਊਂਤਬੰਦੀ ਕਰਨ ਲਈ ਪੰਜਾਬ ਦੀਆਂ ਸੂਬਾਈ ਟਰੇਡ ਯੂਨੀਅਨਾਂ, ਫੈਡਰੇਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪੰਜਾਬ ਸੀਟੂ ਦੇ ਜਨਰਲ ਸਕੱਤਰ ਚੰਦਰ ਸ਼ੇਖਰ ਅਤੇ ਪ੍ਰਧਾਨ ਮਹਾਂ ਸਿੰਘ ਰੋੜੀ , ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਅਤੇ ਪ੍ਰਧਾਨ ਦੇਵ ਰਾਜ ਵਰਮਾ, ਏਕਟੂ ਦੇ ਪ੍ਰਧਾਨ ਰਾਜਵਿੰਦਰ ਰਾਣਾ ਅਤੇ ਇਫਟੂ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਬਲਦੇਵ ਸਿੰਘ ਨਿਹਾਲਗੜ੍ਹ, ਰਮਿੰਦਰ ਪਟਿਆਲਾ, ਰੁਲਦੂ ਸਿੰਘ ਮਾਨਸਾ ਅਤੇ ਸਤਨਾਮ ਸਿੰਘ ਤੋਂ ਇਲਾਵਾ ਮੁਲਾਜਮ ਫੈਡਰੇਸ਼ਨਾਂ ਦੇ ਜਗਦੀਸ਼ ਸਿੰਘ ਚਾਹਲ, ਸਤੀਸ਼ ਰਾਣਾ, ਜਰਮਨਜੀਤ ਸਿੰਘ ਤੇ ਗਗਨਦੀਪ ਸਿੰਘ ਭੁੱਲਰ ਆਦਿ ਪ੍ਰਮੁੱਖ ਆਗੂ ਸ਼ਾਮਲ ਸਨ।
ਮੀਟਿੰਗ ਵਿੱਚ 20 ਮਈ ਦੀ ਦੇਸ਼-ਵਿਆਪੀ ਹੜਤਾਲ ਲਈ ਕੇਂਦਰੀ ਸੰਗਠਨਾਂ ਵੱਲੋਂ ਸੰਘਰਸ਼ ਲਈ ਤਹਿ ਕੀਤੇ 17 ਮੁੱਦਿਆਂ ’ਤੇ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਕਿ ਇਸ ਹੜਤਾਲ ਦੀ ਤਿਆਰੀ ਅਤੇ ਸਫਲਤਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਲੋਟੂ ਨੀਤੀਆਂ ਦਾ ਪੰਜਾਬ ਦੇ ਮਿਹਨਤਕਸ਼ ਅਤੇ ਪੀੜਤ ਵਰਗ ਦੇ ਲੋਕ ਠੋਕਵਾਂ ਉਤਰ ਦੇਣਗੇ ਅਤੇ ਜ਼ੋਰਦਾਰ ਤਰੀਕੇ ਨਾਲ ਸਾਰੇ ਸਰਕਾਰੀ, ਅਰਧ ਸਰਕਾਰੀ ਅਦਾਰੇ, ਲਗਾਤਾਰ ਸੰਘਰਸ਼ ਕਰ ਰਹੇ ਕਿਸਾਨ, ਖੇਤ ਮਜ਼ਦੂਰ ਅਤੇ ਦਰਮਿਆਨਾ ਅਤੇ ਛੋਟਾ ਵਪਾਰੀ ਵਰਗ ਆਦਿ ਇਕੱਠੇ ਹੋ ਕੇ ਲਾਮਿਸਾਲ ਤਰੀਕੇ ਨਾਲ ਪੰਜਾਬ ਬੰਦ ਕਰ ਦੇਣਗੇ।ਆਗੂਆਂ ਦੱਸਿਆ ਕਿ ਮੁਕਤ ਵਪਾਰ ਸਮਝੌਤਿਆਂ ਰਾਹੀਂ ਮੋਦੀ ਸਰਕਾਰ ਟਰੰਪ ਦੇ ਦਬਾਅ ਥੱਲੇ ਸਨਅਤ, ਖੇਤੀ ਅਤੇ ਪ੍ਰਚੂਨ ਵਪਾਰ ਵਿਰੋਧੀ ਸਮਝੌਤਿਆਂ ’ਤੇ ਦਸਤਖਤ ਕਰਨ ਦੇ ਸੰਕੇਤ ਦੇ ਰਹੀ ਹੈ, ਜਿਸ ਨਾਲ ਖੇਤੀ ਸਨਅਤ ਅਤੇ ਛੋਟਾ ਵਪਾਰੀ ਵਰਗ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ। ਇਹ ਧੰਦੇ ਕਰਨ ਵਾਲਿਆਂ ਨੂੰ ਉਜੜਨ ਲਈ ਮਜਬੂਰ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮੋਦੀ ਸਰਕਾਰ ਮਜ਼ਦੂਰ ਵਿਰੋਧੀ 4 ਲੇਬਰ ਕੋਡਜ਼ ਨੂੰ ਲਾਗੂ ਕਰਨ ਜਾ ਰਹੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੇ ਹਰ ਕਿਸਮ ਦੇ ਅਧਿਕਾਰ ਖੁੱਸਣ ਦੇ ਰੂਪ ਵਿੱਚ ਪਵੇਗਾ। ਇਸੇ ਤਰ੍ਹਾਂ ਹੋਰ ਮੰਗਾਂ ਜਿਵੇਂ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਤੇਜ਼ੀ ਨਾਲ ਨਿੱਜੀਕਰਨ, ਕੰਟੈਕਟ/ ਆਊਟਸੋਰਸ ਵਰਕਰ ਪੱਕੇ ਕਰਨਾ, ਘੱਟੋ-ਘੱਟ ਉਜਰਤ 26000 ਪ੍ਰਤੀ ਮਹੀਨਾ ਕਰਨਾ, ਸਕੀਮ ਵਰਕਰਾਂ ਨੂੰ ਰੈਗੂਲਰ ਕਰਨਾ, ਬੇਰੁਜ਼ਗਾਰੀ, ਮਹਿੰਗਾਈ, ਖੇਤ ਮਜ਼ਦੂਰਾਂ ਦੇ ਮਸਲੇ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਨਰੇਗਾ ਅਧੀਨ ਕੰਮ 200 ਦਿਨ ਅਤੇ ਇਸ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕਰਨਾ ਆਦਿ ਹੜਤਾਲ ਦੇ ਮੁੱਖ ਮੁੱਦੇ ਹਨ।ਮੀਟਿੰਗ ਵਿੱਚ ਇਹ ਵੀ ਤਹਿ ਕੀਤਾ ਗਿਆ ਕਿ 16 ਮਈ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਮਹੱਤਵਪੂਰਨ ਸੈਂਟਰਾਂ ’ਤੇ ਕਿਸਾਨਾਂ ਅਤੇ ਟਰੇਡ ਯੂਨੀਅਨ ਆਗੂਆਂ ਵੱਲੋਂ ਸਾਂਝੀਆਂ ਵਿਸ਼ਾਲ ਮੀਟਿੰਗ ਕਰਕੇ ਤਿਆਰੀਆਂ ਨੂੰ ਅੰਤਮ ਛੂਹਾਂ ਦਿੱਤੀਆ ਜਾਣਗੀਆਂ।





