ਅੰਤਮ ਜਿੱਤ ਚੇਤੰਨ ਮਜ਼ਦੂਰ ਜਮਾਤ ਦੀ ਹੋਵੇਗੀ : ਜਗਰੂਪ

0
176

ਜਲੰਧਰ : ਕਾਰਲ ਮਾਰਕਸ ਦੇ 207ਵੇਂ ਜਨਮ ਦਿਹਾੜੇ ਮੌਕੇ ਭਾਈ ਸੰਤੋਖ ਸਿੰਘ ‘ਕਿਰਤੀ’ ਭਾਸ਼ਣ ਲੜੀ ਤਹਿਤ ਸੋਮਵਾਰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ‘ਮਾਰਕਸਵਾਦ ਦੀ ਪ੍ਰਸੰਗਕਤਾ’ ਅਤੇ ‘ਫਾਸ਼ੀਵਾਦ ਦਾ ਉਭਾਰ’ ਵਿਸ਼ੇ ’ਤੇ ਗੰਭੀਰ ਵਿਚਾਰ-ਚਰਚਾ ਕਰਵਾਈ ਗਈ। ਵਿਚਾਰ-ਚਰਚਾ ਮੌਕੇ ਮੰਚ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਦੋਵੇਂ ਮੁੱਖ ਬੁਲਾਰੇ ਕਮੇਟੀ ਮੈਂਬਰ ਜਗਰੂਪ ਅਤੇ ਹਰਵਿੰਦਰ ਭੰਡਾਲ ਹਾਜ਼ਰ ਸਨ। ਵਿਚਾਰ-ਚਰਚਾ ਦਾ ਆਗਾਜ਼ ਆਜ਼ਾਦੀ ਸੰਗਰਾਮ ’ਚ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਬਾਰੇ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਰੋਸ਼ਨੀ ਪਾਉਣ ਨਾਲ ਹੋਇਆ।
ਕਾਰਲ ਮਾਰਕਸ ਦੇ ਜਨਮ ਦਿਹਾੜੇ ’ਤੇ ‘ਮਾਰਕਸਵਾਦ ਦੀ ਪ੍ਰਸੰਗਕਤਾ’ ਵਿਸ਼ੇ ’ਤੇ ਬੋਲਦੇ ਹੋਏ ਕਮੇਟੀ ਮੈਂਬਰ ਜਗਰੂਪ ਨੇ ਕਿਹਾ ਕਿ ਮਾਰਕਸਵਾਦ ਦੀ ਪ੍ਰਸੰਗਕਤਾ ਕਿਸੇ ਤਰ੍ਹਾਂ ਦੀ ਸੰਦੇਹ ਦਾ ਮਾਮਲਾ ਨਹੀਂ। ਇਸ ਦੀ ਪ੍ਰਸੰਗਕਤਾ ਨੇ ਦੁਨੀਆ ਭਰ ’ਚ ਆਪਣੀ ਪ੍ਰਮਾਣਿਕਤਾ ਦਾ ਸਿੱਕਾ ਜਮਾਇਆ। ਰੁਹਾਨੀ ਗ਼ੁਲਾਮੀ ਤੋਂ ਮੁਕਤੀ ਦਾ ਮਾਰਗ ਦਰਸ਼ਕ ਹੋਣਾ ਮਾਰਕਸਵਾਦ ਦੀ ਪ੍ਰਸੰਗਕਤਾ ਹੈ। ਉਹਨਾਂ ਨੇ ਪਦਾਰਥ ਨੂੰ ਪ੍ਰਥਮ ਥਾਂ ਮੰਨਦਿਆਂ ਗਤੀ ਨੂੰ ਪ੍ਰਮੁਖਤਾ ਦੇਣ ਵਾਲਿਆਂ ਦੀ ਆਲੋਚਨਾ ਕੀਤੀ।
ਉਹਨਾ ਕਿਹਾ ਕਿ ਸਿਰਫ਼ ਵਿਆਖਿਆ ਤੱਕ ਸੀਮਤ ਰਹਿਣਾ ਮਾਰਕਸੀ ਦਿ੍ਰਸ਼ਟੀ ਨਹੀਂ, ਮਾਰਕਸ ਅਤੇ ਏਂਗਲਜ਼ ਨੇ ਬਦਲਾਓ ਦਾ ਸਿਧਾਂਤ ਉਘਾੜ ਕੇ ਸਾਹਮਣੇ ਲਿਆਂਦਾ। ਸਮਾਜ ਦੀ ਸਿਰਫ਼ ਵਿਆਖਿਆ ਕਾਫ਼ੀ ਨਹੀਂ, ਅਸਲ ਨੁਕਤਾ ਤਾਂ ਇਸ ਨਿਜ਼ਾਮ ਨੂੰ ਬਦਲਣ ਦਾ ਹੈ। ਗਿਆਨ, ਵਿਗਿਆਨ, ਖੋਜ ਦਾ ਆਪਣਾ ਥਾਂ ਹੋ ਸਕਦੈ, ਪਰ ਹਰੇਕ ਨੂੰ ਮਾਰਕਸੀ ਵਿਚਾਰਧਾਰਾ ਦੇ ਵਿਦਵਾਨਾਂ ਦਾ ਥਾਂ ਦੇ ਦੇਣਾ ਕਦਾਚਿਤ ਠੀਕ ਨਹੀਂ। ਚੇਤਨ ਮਜ਼ਦੂਰ ਜਮਾਤ ਅਜਿਹੀ ਤਾਕਤ ਹੈ, ਜਿਹੜੀ ਜਿੱਤ ਦੇ ਮਾਰਗ ਖੋਲ੍ਹਦੀ ਹੈ। ਪਦਾਰਥਵਾਦ ਅਤੇ ਮਾਰਕਸੀ ਦਿ੍ਰਸ਼ਟੀ ਨੇ ਨਵੇਂ ਵਿਚਾਰ ਸਾਹਮਣੇ ਲਿਆਂਦੇ ਕਿ ਇਤਿਹਾਸ, ਰਾਜੇ ਰਾਣੀਆਂ ਦੇ ਰਾਜ ਦਾ ਨਾਂਅ ਨਹੀਂ ਹੁੰਦਾ, ਸਗੋਂ ਲੋਕਾਂ ਦੁਆਰਾ ਸਿਰਜਿਆ ਇਤਿਹਾਸ ਹੀ ਹਕੀਕੀ ਇਤਿਹਾਸ ਹੁੰਦਾ ਹੈ।
ਉਹਨਾ ਕਿਹਾ ਕਿ ਸਰਮਾਇਆ ਬਹੁਤ ਵੱਡੀ ਤਾਕਤ ਹੋਣ ਦੇ ਬਾਵਜੂਦ ਚੇਤਨ ਪ੍ਰੋਲੇਤਾਰੀ ਨਾਲੋਂ ਤਾਕਤਵਰ ਨਹੀਂ। ਮੋੜਾਂ-ਘੋੜਾਂ, ਜਿੱਤਾਂ-ਹਾਰਾਂ ਵਿਚੀਂ ਹੁੰਦੇ ਹੋਏ ਅਵੱਸ਼ ਹੀ ਅੰਤਿਮ ਫ਼ਤਿਹ ਚੇਤਨ ਮਜ਼ਦੂਰ ਜਮਾਤ ਪਾਏਗੀ। ਮਾਰਕਸ ਦੇ ਹੁੰਦਿਆਂ ਮਾਰਕਸ ਨੂੰ ਸਰਮਾਏਦਾਰੀ ਦੇਸ਼ ਨਿਕਾਲਾ ਦਿੰਦੀ ਰਹੀਂ। ਅੱਜ ਸਰਮਾਏਦਾਰੀ ਮਾਰਕਸਵਾਦ ਨੂੰ ਦੇਸ਼ ਨਿਕਾਲਾ ਦੇਣ ਲਈ ਹੋਰ ਵੀ ਵੱਧ ਸਰਗਰਮ ਹੈ।
ਜਗਰੂਪ ਨੇ ਕਿਹਾ ਕਿ ਇੱਕ ਵੰਨਗੀ ਉਹ ਵੀ ਹੈ, ਜਿਹੜੀ ਇਹ ਢੰਡੋਰਾ ਪਿੱਟਦੀ ਹੈ ਕਿ ਮਾਰਕਸਵਾਦ ਤਾਂ ਵੇਲਾ ਵਿਹਾ ਚੁੱਕਿਆ ਹੈ। ਉਹਨਾਂ ਕਿਹਾ ਕਿ ਕੀ ਕਦੀ ‘ਸੱਚ’ ਵੀ ਵੇਲਾ ਵਿਹਾ ਸਕਦਾ ਹੈ? ਕਦੀ ਨਹੀਂ। ਸਰਮਾਏਦਾਰੀ ਨੂੰ ਅੰਦਰੋਂ ਅਸਲ ’ਚ ਇਹ ਭੈਅ ਵੱਢ-ਵੱਢ ਕੇ ਖਾ ਰਿਹਾ ਹੈ ਕਿ ਜੇਕਰ ਮਜ਼ਦੂਰ ਜਮਾਤ ਅਤੇ ਸਮੂਹ ਮਿਹਨਤਕਸ਼ ਲੋਕਾਂ ਨੂੰ ਮਾਰਕਸੀ ਸੂਝ-ਬੂਝ ਆ ਗਈ ਤਾਂ ਉਹ ਲੁੱਟ ਅਤੇ ਜਬਰ ’ਤੇ ਅਧਾਰਤ ਰਾਜ-ਭਾਗ ਨੂੰ ਮੂਲੋਂ ਪਲਟਾ ਦੇ ਦੇਣਗੇ। ਸੰਕਟਗ੍ਰਸਤ ਸਰਮਾਏਦਾਰੀ ਲੋਕਾਂ ਉਪਰ ਬੋਝ ਲੱਦਣ ਲੱਗੀ ਇਕ ਮੋੜ ’ਤੇ ਫਸ ਜਾਂਦੀ ਹੈ ਤੇ ਉਹ ਹੋਰ ਮੰਡੀਆਂ ਹੜੱਪਣ ਲਈ ਨਿਹੱਕੀਆਂ ਜੰਗਾਂ ਦਾ ਸਹਾਰਾ ਲੈਂਦੀ ਹੈ।
‘ਫਾਸ਼ੀਵਾਦ ਦਾ ਉਭਾਰ’ ਵਿਸ਼ੇ ’ਤੇ ਬੋਲਦੇ ਹੋਏ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਫਾਸ਼ੀਵਾਦ ਦੇ ਨਵੇਂ ਰੂਪਾਂ, ਸਾਡੇ ਮੁਲਕ ਅੰਦਰ ਇਸ ਦੇ ਹੱਲੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੀ ਜਮਾਤ ਦੇ ਸੇਵਾਦਾਰ ਹਰ ਹਾਕਮ ਦਾ ਜਾਬਰ ਹੋਣਾ ਸੁਭਾਵਕ ਹੈ, ਪਰ ਫਾਸ਼ੀਵਾਦ ਦਾ ਆਪਣਾ ਵਿਸ਼ੇਸ਼ ਚਰਿੱਤਰ ਹੈ ਕਿ ਇਹ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਅਤੇ ਭੀੜਤੰਤਰ ਪੈਦਾ ਕਰਨ ਦਾ ਕੰਮ ਕਰਦਾ ਹੈ ਅਤੇ ਹਰ ਤਰ੍ਹਾਂ ਦੇ ਵੱਖਰੇ ਵਿਚਾਰਾਂ ਨੂੰ ਤਹਿਸ-ਨਹਿਸ ਕਰਨ ਲਈ ਜ਼ੁਲਮ ਦੀ ਇੰਤਹਾ ਕਰਦਾ ਹੈ।
ਉਹਨਾ ਕਿਹਾ ਕਿ ਸਰਮਾਏਦਾਰੀ ਸੰਕਟ ਜਦੋਂ ਸਿਖਰਾਂ ਛੋਹ ਜਾਂਦਾ ਹੈ ਤਾਂ ਉਹ ਅਜਿਹੇ ਮੋੜ ’ਤੇ ਘਿਰ ਜਾਂਦਾ ਹੈ, ਜਿੱਥੋਂ ਨਿਕਲਣ ਦਾ ਉਸ ਕੋਲ ਰਾਹ ਨਹੀਂ ਰਹਿੰਦਾ। ਇਸ ਹਾਲਤ ਵਿੱਚ ਵਿਦਰੋਹ ਅਤੇ ਜਮਾਤੀ ਸੰਘਰਸ਼ ਪੈਦਾ ਹੁੰਦੇ ਨੇ। ਹਰਵਿੰਦਰ ਭੰਡਾਲ ਨੇ ਜ਼ੋਰ ਦੇ ਕੇ ਕਿਹਾ ਕਿ ਫਾਸ਼ੀਵਾਦ ਦੇ ਵਰਤਾਰੇ ਦੇ ਫੈਲਦੇ ਪੰਜੇ ਬਾਰੇ ਸਾਨੂੰ ਚੌਕੰਨੇ ਹੋਣ ਦੀ ਲੋੜ ਹੈ, ਨਹੀਂ ਤਾਂ ਬਹੁਤ ਹੀ ਭਿਆਨਕ ਹਾਲਾਤ ਸਾਡੇ ਸਾਹ ਨੱਪਣ ਲਈ ਅੱਗੇ ਵਧਣਗੇ। ਉਹਨਾ ਕਿਹਾ ਕਿ ਅੰਧਰਾਸ਼ਟਰਵਾਦ ਦੀ ਧੁੰਦ ਪੈਦਾ ਕਰਕੇ ਲੋਕਾਂ ਉਪਰ ਕਹਿਰ ਦੀ ਅੱਗ ਵਰ੍ਹਾਉਣ ਵਾਲੇ ਆਪ ਬਰੀ ਹੋ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਕੇ ਆਪਣਾ ਉੱਲੂ ਸਿੱਧਾ ਕਰਦਾ ਹੈ ਫਾਸ਼ੀਵਾਦ। ਉਹਨਾ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਫਾਸ਼ੀਵਾਦ ਲੋਕਾਂ ਨਾਲੋਂ ਤਾਕਤਵਰ ਨਹੀਂ ਹੁੰਦਾ, ਪਰ ਲੋੜ ਹੁੰਦੀ ਹੈ ਲੋਕਾਂ ਨੂੰ ਚੇਤਨ ਹੋ ਕੇ ਸੰਘਰਸ਼ ਕਰਨ ਦੀ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮਾਰਕਸਵਾਦ ਦੀ ਪ੍ਰਸੰਗਕਤਾ ਅਤੇ ਫਾਸ਼ੀਵਾਦ ਦੀਆਂ ਚੁਣੌਤੀਆਂ ਮਹੱਤਵਪੂਰਨ ਵਿਸ਼ਿਆਂ ਉਪਰ ਹੋਈ ਮੁੱਲਵਾਨ ਚਰਚਾ ਅਜੋਕੇ ਸਮੇਂ ਦੇ ਮਘਦੇ ਮੁੱਦਿਆਂ ਉਪਰ ਧਿਆਨ ਖਿੱਚਣ ਵਿੱਚ ਸਫ਼ਲ ਰਹੀ ਹੈ। ਉਹਨਾ ਕਿਹਾ ਕਿ ਕਾਰਲ ਮਾਰਕਸ ਦੇ ਜਨਮ ਦਿਹਾੜੇ ’ਤੇ ਅਜਿਹੀ ਚਰਚਾ ਆਪਣੇ-ਆਪ ’ਚ ਹੋਰ ਵੀ ਮਹੱਤਵ ਰੱਖਦੀ ਹੈ।
ਸਮਾਗਮ ’ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਡਾ. ਸੈਲੇਸ਼, ਪ੍ਰਗਟ ਸਿੰਘ ਜਾਮਾਰਾਏ, ਵਿਜੈ ਬੰਬੇਲੀ, ਹਰਮੇਸ਼ ਮਾਲੜੀ, ਐਡਵੋਕੇਟ ਰਾਜਿੰਦਰ ਮੰਡ, ਬਲਬੀਰ ਕੌਰ ਬੰਡਾਲਾ ਅਤੇ ਜਾਣੇ-ਪਹਿਚਾਣੇ ਪੱਤਰਕਾਰ ਸਤਨਾਮ ਸਿੰਘ ਮਾਣਕ, ਮਹਿੰਦਰ ਸਿੰਘ ਫੁੱਗਲਾਣਾ, ਸੰਤੋਖ ਸਿੰਘ ਸੰਧੂ, ਗਿਆਨ ਸੈਦਪੁਰੀ, ਕੁਲਦੀਪ ਸਿੰਘ ਭੋਲਾ, ਸੁਖਵਿੰਦਰ ਬਾਗਪੁਰ, ਪਰਮਜੀਤ ਸਮਰਾਏ, ਹੰਸ ਰਾਜ ਪੱਬਵਾਂ ਅਤੇ ਬਿਹਾਰੀ ਲਾਲ ਛਾਬੜਾ ਆਦਿ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਕਮੇਟੀ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।