ਡੈਮ ਸੇਫਟੀ ਐਕਟ ਰੱਦ ਕਰਨ ਦਾ ਮਤਾ ਪਾਸ

0
124

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਸੋਮਵਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਫੈਸਲੇ ਸਮੇਤ ਪਾਣੀਆਂ ਦੇ ਮਾਮਲਿਆਂ ਨੂੰ ਲੈ ਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਮਤੇ ਵਿੱਚ ‘ਭਾਜਪਾ’ ਸ਼ਬਦ ਹੋਣ ’ਤੇ ਇਤਰਾਜ਼ ਕੀਤਾ, ਪਰ ਆਖਰ ਉਨ੍ਹਾ ਵੀ ਇਸ ਮਤੇ ’ਤੇ ਸਹਿਮਤੀ ਦੇ ਦਿੱਤੀ। ਇਸ ਮਤੇ ਜ਼ਰੀਏ ਡੈਮ ਸੇਫਟੀ ਐਕਟ 2021 ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਮਸ਼ਵਰਾ ਦਿੱਤਾ ਕਿ ਸੂਬਾ ਸਰਕਾਰ ਆਪਣਾ ਡੈਮ ਸੇਫਟੀ ਐਕਟ ਲੈ ਕੇ ਆਵੇ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੀਕਾਰ ਕਰ ਲਿਆ। ਸਦਨ ਨੇ ਸਰਬਸੰਮਤੀ ਨਾਲ ਕਿਹਾ ਕਿ ਹਰਿਆਣਾ ਨੂੰ ਦੇਣ ਲਈ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਣ ਮੌਕੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਖਿਲਾਫ ਮਤਾ ਲਿਆਂਦਾ ਗਿਆ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਹਰਿਆਣਾ ਨੂੰ ਇਨਸਾਨੀਅਤ ਨਾਤੇ 4000 ਕਿਊਸਿਕ ਪਾਣੀ ਜਾਰੀ ਰਹੇਗਾ ਤੇ ਇਸ ਤੋਂ ਇਲਾਵਾ ਇੱਕ ਵੀ ਬੂੰਦ ਫਾਲਤੂ ਨਹੀਂ ਦਿੱਤੀ ਜਾਵੇਗੀ। ਉਨ੍ਹਾ ਮੰਗ ਕੀਤੀ ਕਿ ਨਦੀਆਂ ਦੇ ਪਾਣੀ ਦੇ ਬਟਵਾਰੇ ਲਈ ਨਵੀਂ ਸੰਧੀ ਕੀਤੀ ਜਾਵੇ। ਉਨ੍ਹਾ ਪੇਸ਼ ਮਤੇ ਵਿੱਚ ਡੈਮ ਸੇਫਟੀ ਐਕਟ 2021 ਨੂੰ ਪੰਜਾਬ ਦੇ ਅਧਿਕਾਰਾਂ ’ਤੇ ਹਮਲਾ ਦੱਸਿਆ ਅਤੇ ਇਸ ਐਕਟ ਨੂੰ ਫੌਰੀ ਰੱਦ ਕਰਨ ਲਈ ਕਿਹਾ। ਪੇਸ਼ ਮਤੇ ਵਿੱਚ ਬੀ ਬੀ ਐੱਮ ਬੀ ਵੱਲੋਂ ਬੁਲਾਈ ਮੀਟਿੰਗ ਨੂੰ ਗੈਰਕਾਨੂੰਨੀ ਦੱਸਿਆ। ਇਹ ਵੀ ਕਿਹਾ ਕਿ ਬੀ ਬੀ ਐੱਮ ਬੀ ਕੋਈ ਵੀ ਗੈਰਕਾਨੂੰਨੀ ਫੈਸਲਾ ਲੈਣ ਤੋਂ ਗੁਰੇਜ਼ ਕਰੇ। ਗੋਇਲ ਨੇ ਕਿਹਾ ਕਿ ਬੀ ਬੀ ਐੱਮ ਬੀ ਪੰਜਾਬ ਨਾਲ ਥਾਣੇਦਾਰਾਂ ਵਰਗਾ ਵਿਹਾਰ ਕਰ ਰਿਹਾ। ਆਏ ਦਿਨ ਮੀਟਿੰਗਾਂ ਕਰਕੇ ਗੈਰਕਾਨੂੰਨੀ ਫੈਸਲਾ ਕਰ ਰਿਹਾ ਹੈ। ਪੰਜਾਬ ਨੇ ਮਤੇ ਰਾਹੀਂ ਯਮੁਨਾ ਦੇ ਪਾਣੀ ’ਚੋਂ ਹਿੱਸਾ ਮੰਗਿਆ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਤੇ ਦੀ ਹਮਾਇਤ ਕੀਤੀ। ਉਨ੍ਹਾ ਬੀ ਬੀ ਐੱਮ ਬੀ ਤੇ ਡੈਮ ਸੇਫਟੀ ਐਕਟ ਰੱਦ ਕਰਨ ਦੀ ਮੰਗ ਵੀ ਕੀਤੀ। ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਮਤੇ ਵਿੱਚ ਕੇਂਦਰ ਦਾ ਜ਼ਿਕਰ ਹੋਣ ’ਤੇ ਇਤਰਾਜ਼ ਕੀਤਾ। ਵਿਧਾਨ ਸਭਾ ’ਚ ਅਹਿਮ ਮਤੇ ’ਤੇ ਬਹਿਸ ਮੌਕੇ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਸਦਨ ’ਚੋਂ ਗੈਰਹਾਜ਼ਰ ਰਹੀ। ਵਿਸ਼ੇਸ਼ ਅਜਲਾਸ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋਇਆ। ਸਦਨ ਨੇ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਦਨ ਬੇਸ਼ੱਕ ਮਾਸੂਮ ਸੈਲਾਨੀਆਂ ’ਤੇ ਹੋਈ ਹਿੰਸਾ ਦੀ ਨਿੰਦਾ ਕਰਦਾ ਹੈ ਅਤੇ ਸਦਨ ਨੂੰ ਉਮੀਦ ਹੈ ਕਿ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ਾਂ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਅਜਿਹੀਆਂ ਭਿਆਨਕ ਘਟਨਾਵਾਂ ਮੁੜ ਨਾ ਵਾਪਰਨ। ਇੱਕ ਦਿਨ ਦਾ ਵਿਸ਼ੇਸ਼ ਅਜਲਾਸ ਬੀ ਬੀ ਐੱਮ ਬੀ ਵੱਲੋਂ 30 ਅਪਰੈਲ ਨੂੰ ਜਾਰੀ ਕੀਤੇ ਗਏ ਹੁਕਮ ’ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ, ਜਿਸ ਵਿੱਚ ਪੰਜਾਬ ਨੂੰ ਹਰਿਆਣਾ ਨੂੰ ਕੁੱਲ 8500 ਕਿਊਸਿਕ ਵਾਧੂ ਪਾਣੀ ਦੇਣ ਲਈ ਕਿਹਾ ਗਿਆ ਹੈ, ਜਦੋਂ ਕਿ ਪੰਜਾਬ ਭਾਖੜਾ ਡੈਮ ਤੋਂ ਗੁਆਂਢੀ ਸੂਬੇ ਨੂੰ 4000 ਕਿਊਸਿਕ ਵਾਧੂ ਪਾਣੀ ਦੇ ਰਿਹਾ ਸੀ। ਸੂਬੇ ਨੇ ਹਰਿਆਣਾ ਦੀ 4500 ਕਿਊਸਿਕ ਹੋਰ ਪਾਣੀ ਦੇਣ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬੇ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਪਹਿਲਾਂ ਹੀ ਇਸ ਮੁੱਦੇ ’ਤੇ ਸੂਬਾ ਸਰਕਾਰ ਦਾ ਸਮਰਥਨ ਕਰ ਚੁੱਕੀਆਂ ਹਨ। ਵਿਸ਼ੇਸ਼ ਅਜਲਾਸ ਦੌਰਾਨ ਸਦਨ ਨੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਮਾਸਟਰ ਭਗਤ ਰਾਮ ਅਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਸਾਰੇ ਵਿਧਾਇਕਾਂ ਵੱਲੋਂ ਵਿਛੜੀਆਂ ਰੂਹਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।