ਨਵੀਂ ਦਿੱਲੀ : ਫੁੱਲ ਬੈਂਚ ਦੇ ਫੈਸਲੇ ਤੋਂ ਬਾਅਦ ਪਾਰਦਰਸ਼ਤਾ ਵਧਾਉਣ ਦੀ ਇੱਕ ਕੋੋੋੋਸ਼ਿਸ਼ ਵਜੋਂ ਸੁਪਰੀਮ ਕੋਰਟ ਨੇ ਜੱਜਾਂ ਦੀਆਂ ਜਾਇਦਾਦਾਂ ਸੰਬੰਧੀ ਵੇਰਵੇ ਆਪਣੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਹਨ। ਇਨ੍ਹਾਂ ਵੇਰਵਿਆਂ ਮੁਤਾਬਕ ਸੇਵਾਮੁਕਤ ਹੋ ਰਹੇ ਚੀਫ ਜਸਟਿਸ ਸੰਜੀਵ ਖੰਨਾ ਕੋਲ 55.75 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ, ਦੱਖਣੀ ਦਿੱਲੀ ਵਿੱਚ ਤਿੰਨ ਬੈੱਡਰੂਮ ਵਾਲਾ ਡੀ ਡੀ ਏ ਫਲੈਟ ਅਤੇ ਰਾਸ਼ਟਰਮੰਡਲ ਖੇਡਾਂ ਦੇ ਪਿੰਡ ਵਿੱਚ 2446 ਵਰਗ ਫੁੱਟ ਦਾ ਚਾਰ ਬੈੱਡਰੂਮ ਵਾਲਾ ਅਪਾਰਟਮੈਂਟ ਹੈ।
ਇਸ ਤੋਂ ਇਲਾਵਾ ਚੀਫ ਜਸਟਿਸ ਵਜੋਂ ਨਾਮਜ਼ਦ ਜਸਟਿਸ ਬੀ ਆਰ ਗਵਈ ਕੋਲ ਬੈਂਕ ਵਿੱਚ 19.63 ਲੱਖ ਰੁਪਏ ਤੋਂ ਵੱਧ ਦੀ ਰਕਮ, ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਇਕ ਘਰ, ਜੋ ਉਨ੍ਹਾ ਦੇ ਮਿ੍ਰਤਕ ਪਿਤਾ ਤੋਂ ਵਿਰਾਸਤ ’ਚ ਮਿਲਿਆ ਹੈ, ਮੁੰਬਈ ਦੇ ਬਾਂਦਰਾ ਤੇ ਦਿੱਲੀ ਦੀ ਡਿਫੈਂਸ ਕਲੋਨੀ ਵਿੱਚ ਅਪਾਰਟਮੈਂਟ ਅਤੇ ਅਮਰਾਵਤੀ ਤੇ ਨਾਗਪੁਰ ਵਿੱਚ ਖੇਤੀਬਾੜੀ ਜ਼ਮੀਨਾਂ ਹਨ। ਅਦਾਲਤ ਵੱੱਲੋਂ ਜਾਰੀ ਇੱਕ ਰਿਲੀਜ਼ ਵਿਚ ਕਿਹਾ ਗਿਆ ਹੈ, ‘ਭਾਰਤ ਦੀ ਸੁਪਰੀਮ ਕੋਰਟ ਦੀ ਪੂਰੀ ਅਦਾਲਤ ਨੇ 1 ਅਪਰੈਲ 2025 ਨੂੰ ਫੈਸਲਾ ਕੀਤਾ ਸੀ ਕਿ ਇਸ ਅਦਾਲਤ ਦੇ ਜੱਜਾਂ ਦੀਆਂ ਜਾਇਦਾਦਾਂ ਦੇ ਬਿਆਨ ਵੈੱਬਸਾਈਟ ’ਤੇ ਅਪਲੋਡ ਕਰਕੇ ਜਨਤਾ ਦੀ ਕਚਹਿਰੀ ਵਿੱਚ ਰੱਖੇ ਜਾਣਗੇ। ਪਹਿਲਾਂ ਹੀ ਪ੍ਰਾਪਤ ਜੱਜਾਂ ਦੀਆਂ ਜਾਇਦਾਦਾਂ ਦੇ ਵੇਰਵੇ ਅਪਲੋਡ ਕੀਤੇ ਜਾ ਰਹੇ ਹਨ। ਹੋਰ ਜੱਜਾਂ ਦੀਆਂ ਜਾਇਦਾਦਾਂ ਦੇ ਵੇਰਵੇ ਉਦੋਂ ਹੀ ਅਪਲੋਡ ਕੀਤੇ ਜਾਣਗੇ, ਜਦੋਂ ਮੌਜੂਦਾ ਜਾਇਦਾਦਾਂ ਦਾ ਵੇਰਵੇ ਪ੍ਰਾਪਤ ਹੋਵੇਗਾ।’
ਪ੍ਰਾਪਤ ਅੰਕੜਿਆਂ ਅਨੁਸਾਰ ਚੀਫ ਜਸਟਿਸ ਖੰਨਾ, ਜੋ 13 ਮਈ ਨੂੰ ਸੇਵਾਮੁਕਤ ਹੋ ਰਹੇ ਹਨ, ਦਾ ਗੁਰੂਗ੍ਰਾਮ ਦੇ ਸੈਕਟਰ 49 ਦੇ ਸ਼ਿਸ਼ਪਾਲ ਵਿਹਾਰ ਵਿੱਚ ਇੱਕ ਚਾਰ ਬੈੱਡਰੂਮ ਵਾਲੇ ਫਲੈਟ ’ਚ 56 ਫੀਸਦੀ ਹਿੱਸਾ ਹੈ, ਜੋ ਕਿ 2016 ਵਰਗ ਫੁੱਟ ਸੁਪਰ ਏਰੀਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਇਕ ਘਰ ਅਤੇ ਜ਼ਮੀਨ ’ਚ ਹਿੱਸਾ ਹੈ। ਅੰਕੜਿਆਂ ਤੋਂ ਅੱਗੇ ਪਤਾ ਚੱਲਿਆ ਹੈ ਕਿ ਉਨ੍ਹਾ ਦਾ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ 1.06 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, 1,77,89,000 ਰੁਪਏ ਦਾ ਜੀ ਪੀ ਐੱਫ, 29,625 ਰੁਪਏ ਦਾ ਐੱਲ ਆਈ ਸੀ ਮਨੀ ਬੈਕ ਪਾਲਿਸੀ ਦਾ ਸਾਲਾਨਾ ਪ੍ਰੀਮੀਅਮ ਅਤੇ 14,000 ਰੁਪਏ ਦੇ ਸ਼ੇਅਰ ਹਨ। ਚੱਲ ਜਾਇਦਾਦਾਂ ਵਿੱਚੋਂ ਚੀਫ ਜਸਟਿਸ ਖੰਨਾ ਕੋਲ 250 ਗ੍ਰਾਮ ਸੋਨਾ ਅਤੇ 2 ਕਿੱਲੋ ਚਾਂਦੀ ਹੈ, ਜੋ ਕਿ ਜ਼ਿਆਦਾਤਰ ਵਿਰਾਸਤ ਵਿੱਚ ਅਤੇ ਤੋਹਫੇ ਵਿਚ ਮਿਲੀ ਹੈ। ਇਸ ਤੋਂ ਇਲਾਵਾ 2015 ਮਾਡਲ ਦੀ ਮਾਰੂਤੀ ਸਵਿਫਟ ਕਾਰ ਹੈ। ਜਸਟਿਸ ਗਵਈ, ਜੋ 14 ਮਈ ਨੂੰ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਣਗੇ, ਕੋਲ 5.25 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ, ਉਨ੍ਹਾ ਦੀ ਪਤਨੀ ਕੋਲ 29.70 ਲੱਖ ਰੁਪਏ ਦੇ ਗਹਿਣੇ ਅਤੇ 61,320 ਰੁਪਏ ਦੀ ਨਕਦ ਜਮ੍ਹਾਂ ਰਾਸ਼ੀ ਹੈ। ਜ਼ਿਕਰਯੋਗ ਹੈ ਕਿ 33 ਜੱਜਾਂ ਵਿੱਚੋਂ 21 ਨੇ ਆਪਣੀਆਂ ਜਾਇਦਾਦਾਂ ਦੇ ਵੇਰਵੇ ਜਨਤਕ ਕੀਤੇ ਹਨ। ਜਸਟਿਸ ਸੂਰੀਆ ਕਾਂਤ, ਜੋ ਇਸ ਸਾਲ 24 ਨਵੰਬਰ ਨੂੰ ਭਾਰਤ ਦੇ ਚੀਫ ਜਸਟਿਸ ਬਣ ਸਕਦੇ ਹਨ, ਕੋਲ ਹੋਰ ਅਚੱਲ ਜਾਇਦਾਦਾਂ ਦੇ ਨਾਲ ਚੰਡੀਗੜ੍ਹ ਦੇ ਸੈਕਟਰ 10 ਵਿੱਚ ਇਕ ਘਰ, ਪੰਚਕੂਲਾ ’ਚ 13 ਏਕੜ ਖੇਤੀਬਾੜੀ ਜ਼ਮੀਨ ਅਤੇ ਗੁਰੂਗ੍ਰਾਮ ਵਿੱਚ 300 ਵਰਗ ਗਜ਼ ਦਾ ਪਲਾਟ ਹੈ। ਉਨ੍ਹਾ ਕੋਲ 4.11 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ, 100 ਗ੍ਰਾਮ ਦੇ ਸੋਨੇ ਦੇ ਗਹਿਣੇ ਅਤੇ ਤਿੰਨ ਕੀਮਤੀ ਘੜੀਆਂ ਹਨ। ਜੱਜਾਂ ਦੀ ਜਾਇਦਾਦ ਦੇ ਵੇਰਵਿਆਂ ਨੂੰ ਅਪਲੋਡ ਕਰਨ ਤੋਂ ਇਲਾਵਾ ਸੁਪਰੀਮ ਕੋਰਟ ਨੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵਿੱਚ ਨਿਯੁਕਤੀਆਂ ਦੀ ਪੂਰੀ ਪ੍ਰਕਿਰਿਆ ਵੀ ਜਨਤਾ ਦੇ ਗਿਆਨ ਅਤੇ ਜਾਗਰੂਕਤਾ ਲਈ ਆਪਣੀ ਵੈੱਬਸਾਈਟ ’ਤੇ ਪਾ ਦਿੱਤੀ ਹੈ, ਜਿਸ ਵਿਚ ਹਾਈ ਕੋਰਟ ਕਲੋਜੀਅਮ ਨੂੰ ਸੌਂਪੀ ਗਈ ਭੂਮਿਕਾ, ਰਾਜ ਸਰਕਾਰਾਂ, ਭਾਰਤ ਸੰਘ ਤੋਂ ਪ੍ਰਾਪਤ ਇਨਪੁਟ ਅਤੇ ਸੁਪਰੀਮ ਕੋਰਟ ਕਲੋਜੀਅਮ ਦੁਆਰਾ ਵਿਚਾਰ ਸ਼ਾਮਲ ਹੈ।




