ਨਵੀਂ ਦਿੱਲੀ : ਮਹਾਰਾਸ਼ਟਰ ਲੋਕਲ ਬਾਡੀਜ਼ ਚੋਣਾਂ ਵਿੱਚ ਓ ਬੀ ਸੀ ਲਈ ਸੀਟਾਂ ਰਿਜ਼ਰਵ ਕਰਨ ਦੇ ਮੁੱਦੇ ’ਤੇ ਮੰਗਲਵਾਰ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਵਿੱਚ ਰਿਜ਼ਰਵੇਸ਼ਨ ਟਰੇਨ ਦੇ ਸਫਰ ਵਾਂਗ ਹੋ ਗਈ ਹੈ, ਜਿੱਥੇ ਜਿਹੜਾ ਡੱਬੇ ਦੇ ਅੰਦਰ ਵੜ ਗਿਆ, ਦੂਜੇ ਨੂੰ ਵੜਨ ਨਹੀਂ ਦੇਣਾ ਚਾਹੁੰਦਾ। ਦੋ ਮੈਂਬਰੀ ਬੈਂਚ ਦੀ ਪ੍ਰਧਾਨਗੀ ਕਰਦਿਆਂ ਜਸਟਿਸ ਸੂਰੀਆ ਕਾਂਤ ਨੇ ਕਿਹਾ ਕਿ ਦੇਸ਼ ਵਿੱਚ ਰਿਜ਼ਰਵੇਸ਼ਨ ਬਿਜ਼ਨਸ ਰੇਲਵੇ ਵਰਗਾ ਬਣ ਗਿਆ ਹੈ। ਜਿਹੜੇ ਡੱਬੇ ਦੇ ਅੰਦਰ ਵੜ ਜਾਂਦੇ ਹਨ, ਦੂਜੇ ਨੂੰ ਅੰਦਰ ਨਹੀਂ ਵੜਨ ਦਿੰਦੇ। ਜਸਟਿਸ ਕਾਂਤ ਨੇ ਇਹ ਟਿੱਪਣੀ ਪਟੀਸ਼ਨਰ ਦੇ ਵਕੀਲ ਗੋਪਾਲ ਸ਼ੰਕਰਨਾਰਾਇਣਨ ਵੱਲੋਂ ਮਹਾਰਾਸ਼ਟਰ ਲੋਕਲ ਬਾਡੀਜ਼ ਚੋਣਾਂ ਵਿੱਚ ਓ ਬੀ ਸੀ ਲਈ ਰਿਜ਼ਰਵੇਸ਼ਨ ਦੇ ਸੁਆਲ ’ਤੇ ਬਣਾਏ ਗਏ ਜਯੰਤ ਕੁਮਾਰ ਬੰਥੀਆ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਕਰਨ ਦੌਰਾਨ ਕੀਤੀ। ਸ਼ੰਕਰਨਾਰਾਇਣਨ ਨੇ ਕਿਹਾ ਕਿ ਬੰਥੀਆ ਕਮਿਸ਼ਨ ਨੇ ਓ ਬੀ ਸੀ ਲਈ 27 ਫੀਸਦੀ ਰਿਜ਼ਰਵੇਸ਼ਨ ਦੀ ਸਿਫਾਰਸ਼ ਕਰਦਿਆਂ ਸਿਆਸੀ ਪਿਛੋਕੜ ਵੱਲ ਧਿਆਨ ਨਹੀਂ ਦਿੱਤਾ। ਸਿਆਸੀ ਪਿਛੋਕੜ ਸਮਾਜੀ ਤੇ ਵਿਦਿਅਕ ਪਿਛੋਕੜ ਨਾਲੋਂ ਵੱਖਰਾ ਹੁੰਦਾ ਹੈ ਅਤੇ ਆਟੋਮੈਟੀਕਲੀ ਨਹੀਂ ਮੰਨਿਆ ਜਾ ਸਕਦਾ ਕਿ ਸਾਰੇ ਓ ਬੀ ਸੀ ਸਿਆਸੀ ਪੱਖੋਂ ਪਿਛੜੇ ਹਨ। ਸੀਨੀਅਰ ਵਕੀਲ ਸ਼ੰਕਰਨਾਰਾਇਣਨ ਨੇ ਆਪਣੀ ਦਲੀਲ ਦੇ ਨਾਲ ਜਸਟਿਸ ਕਾਂਤ ਦੀ ਟਿੱਪਣੀ ਜੋੜਦਿਆਂ ਕਿਹਾ ਕਿ ਟਰੇਨ ਦੇ ਪਿੱਛੇ ਹੋਰ ਬੋਗੀਆਂ ਜੋੜੀਆਂ ਜਾ ਰਹੀਆਂ ਹਨ। ਬੈਂਚ, ਜਿਸ ਵਿੱਚ ਜਸਟਿਸ ਐੱਨ ਕੇ ਸਿੰਘ ਵੀ ਸ਼ਾਮਲ ਸਨ, ਨੇ ਅੰਤ ਨੂੰ ਹੁਕਮ ਦਿੱਤਾ ਕਿ ਚੋਣਾਂ ਬੰਥੀਆ ਕਮਿਸ਼ਨ ਦੀ ਰਿਪੋਰਟ ਤੋਂ ਪਹਿਲਾਂ ਓ ਬੀ ਸੀ ਨੂੰ ਦਿੱਤੀ ਗਈ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਕਰਵਾਈਆਂ ਜਾਣ।




