ਵੈਨਕੂਵਰ : ਪੀਲ ਪੁਲਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਪਿਛਲੇ ਦਿਨੀਂ ਕੁਈਨ ਸਟਰੀਟ ਅਤੇ ਕੈਨੇਡੀ ਰੋਡ ਦੱਖਣ ਸਥਿਤ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਸੀ। ਨੌਜਵਾਨਾਂ ਦੀ ਪਛਾਣ ਹਰਪਾਲ ਸਿੰਘ (34), ਰਾਜਨੂਰ ਸਿੰਘ (20) ਤੇ ਏਕਨੂਰ ਸਿੰਘ (22) ਤਿੰਨੇ ਵਾਸੀ ਬਰੈਂਪਟਨ ਵਜੋਂ ਦੱਸੀ ਗਈ ਹੈ।
ਮੁਲਜ਼ਮਾਂ ਨੇ 30 ਅਪਰੈਲ ਨੂੰ ਗੋਲੀਆਂ ਚਲਾਉਣ ਤੋਂ ਬਾਅਦ ਅਦਾਰੇ ਦੇ ਮਾਲਕ ਨੂੰ ਫੋਨ ਅਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਅਤੇ ਨਾ ਦੇਣ ਜਾਂ ਪੁਲਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ। ਉਂਜ ਗੋਲੀਆਂ ਚਲਾਉਣ ਮੌਕੇ ਅਦਾਰੇ ਅੰਦਰ ਕੋਈ ਨਹੀਂ ਸੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਮੌਕੇ ’ਤੇ ਲੱਗੇ ਸਕਿਓਰਿਟੀ ਉਪਕਰਨਾਂ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਤੇ ਹਰਕਤਾਂ ਰਿਕਾਰਡ ਹੋ ਗਈਆਂ। ਨੇੜਲੇ ਲੋਕਾਂ ਦੀ ਮਦਦ ਨਾਲ ਜਲਦੀ ਹੀ ਇਨ੍ਹਾਂ ਨੌਜਵਾਨਾਂ ਦੀ ਪਛਾਣ ਵੀ ਹੋ ਗਈ ਤੇ 2 ਮਈ ਨੂੰ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਪੀੜਤ ਨੇ ਡਰ ਕਰਕੇ ਅਜੇ ਤੱਕ ਪੁਲਸ ਨੂੰ ਨਹੀਂ ਦੱਸਿਆ ਤਾਂ ਉਹ ਖੁੱਲ੍ਹ ਕੇ ਦੱਸ ਸਕਦਾ ਹੈ ਤੇ ਉਸ ਨੂੰ ਮੁਲਜ਼ਮਾਂ ਦੀ ਸ਼ਨਾਖਤ ਕਰਨ ਦਾ ਮੌਕਾ ਦਿੱਤਾ ਜਾਵੇਗਾ।





