ਵਾਸ਼ਿੰਗਟਨ : ਬਾਹਠ ਸਾਲ ਪਹਿਲਾਂ ਆਡਰੀ ਬੈਕਬਰਗ ਦੱਖਣੀ-ਕੇਂਦਰੀ ਵਿਸਕਾਨਸਿਨ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਪਣੇ ਪਰਵਾਰ ਦੀ ਬੇਬੀਸਿਟਰ ਨਾਲ ਘਰੋਂ ਨਿਕਲਣ ਤੋਂ ਬਾਅਦ ਇੰਡੀਆਨਾਪੋਲਿਸ ਜਾਣ ਵਾਲੀ ਬੱਸ ਫੜ ਕੇ ਗਾਇਬ ਹੋ ਗਈ ਸੀ। ਪਿਛਲੇ ਹਫਤੇ, ਸੌਕ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਐਲਾਨ ਕੀਤਾ ਕਿ ਬੱਸ ਸਟਾਪ ਦੇ ਇੱਕ ਕੋਨੇ ਤੋਂ ਗਾਇਬ ਹੋਈ 20 ਸਾਲਾ ਕੁੜੀ ਨੂੰ ਕਿਸੇ ਹੋਰ ਸੂਬੇ ਵਿੱਚ ਜ਼ਿੰਦਾ ਅਤੇ ਸੁਰੱਖਿਅਤ ਰਹਿੰਦੀ ਪਾਇਆ ਗਿਆ ਹੈ। ਉਹ ਨਵੇਂ ਪਤੀ ਨਾਲ ਰਹਿੰਦੀ ਮਿਲੀ। ਸ਼ੈਰਿਫ ਦੇ ਦਫ਼ਤਰ ਦੇ ਜਾਸੂਸ ਇਸਹਾਕ ਹੈਨਸਨ ਨੇ ਸੋਮਵਾਰ ਕਿਹਾ, ‘ਉਹ ਖੁਸ਼, ਸੁਰੱਖਿਅਤ ਅਤੇ ਰਾਜ਼ੀ-ਖ਼ੁਸ਼ੀ ਹੈ। ਉਸ ਨੇ ਰੀਡਸਬਰਗ ਛੱਡਣ ਦਾ ਫੈਸਲਾ ਆਪਣੇ ਪਤੀ ਤੋਂ ਤੰਗ ਆ ਕੇ ਕੀਤਾ ਸੀ, ਜੋ ਉਸ ਨਾਲ ਮਾੜਾ ਸਲੂਕ ਕਰਦਾ ਸੀ।’ ਹੈਨਸਨ ਨੂੰ ਫਰਵਰੀ ਦੇ ਅਖੀਰ ਵਿੱਚ ਉਸ ਦਾ ਕੇਸ ਸੌਂਪਿਆ ਗਿਆ ਸੀ ਅਤੇ ਜਲਦੀ ਹੀ ਉਸ ਨੂੰ ਸੂਬੇ ਤੋਂ ਬਾਹਰ ਦੀ ਇਕ ਗਿ੍ਰਫਤਾਰੀ ਰਿਕਾਰਡ ਦਾ ਪਤਾ ਲੱਗਿਆ, ਜੋ ਬੈਕਬਰਗ ਨਾਲ ਮੇਲ ਖਾਂਦਾ ਸੀ। ਉਹ ਅਤੇ ਹੋਰ ਅਧਿਕਾਰੀ ਬੈਕਬਰਗ ਦੇ ਪਰਵਾਰ ਨੂੰ ਮਿਲੇ, ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕੀ ਉਨ੍ਹਾਂ ਦਾ ਉਸ ਖੇਤਰ ਨਾਲ ਕੋਈ ਸੰਬੰਧ ਹੈ। ਉਨ੍ਹਾ ਬੈਕਬਰਗ ਦੀ ਭੈਣ ਦੇ ਵਿਰਾਸਤੀ ਖਾਤੇ ਦੀ ਵੀ ਘੋਖ ਕਰਨੀ ਸ਼ੁਰੂ ਕਰ ਦਿੱਤੀ, ਉਸ ਖੇਤਰ ਤੋਂ ਮਰਦਮਸ਼ੁਮਾਰੀ ਰਿਕਾਰਡ, ਸ਼ਰਧਾਂਜਲੀਆਂ ਅਤੇ ਵਿਆਹ ਦੇ ਲਾਇਸੈਂਸ ਆਦਿ ਕੱਢੇ। ਲਗਭਗ ਦੋ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਇੱਕ ਸਿਰਨਾਵਾਂ ਮਿਲਿਆ, ਜਿੱਥੇ ਇੱਕ ਔਰਤ ਰਹਿ ਰਹੀ ਸੀ, ਜਿਸ ਬਾਰੇ ਹੈਨਸਨ ਨੇ ਕਿਹਾ ਕਿ ਉਸ ਵਿੱਚ ਬੈਕਬਰਗ ਵਾਲੀਆਂ ਸਾਰੀਆਂ ਸਮਾਨਤਾਵਾਂ ਸਨ, ਜਿਸ ਵਿੱਚ ਜਨਮ ਮਿਤੀ ਅਤੇ ਸਮਾਜਕ ਸੁਰੱਖਿਆ ਨੰਬਰ ਤੱਕ ਸ਼ਾਮਲ ਸੀ।
ਹੈਨਸਨ ਨੇ ਉਸ ਖੇਤਰ ਤੋਂ ਇੱਕ ਡਿਪਟੀ ਨਾਲ ਇਸ ਸੰਬੰਧੀ ਰਾਬਤਾ ਕੀਤਾ। ਦਸ ਮਿੰਟ ਬਾਅਦ ਬੈਕਬਰਗ, ਜੋ ਹੁਣ 80ਵਿਆਂ ਦੀ ਉਮਰ ਵਿੱਚ ਹੈ, ਨੇ ਹੈਨਸਨ ਨਾਲ ਸੰਪਰਕ ਕੀਤਾ। ਹੈਨਸਨ ਨੇ ਕਿਹਾ, ‘ਇਹ ਬਹੁਤ ਜਲਦੀ ਹੋਇਆ। ਮੈਂ ਉਮੀਦ ਕਰ ਰਿਹਾ ਸੀ ਕਿ ਮੈਨੂੰ ਡਿਪਟੀ ਦੀ ਮੋੜਵੀਂ ਕਾਲ ਆਵੇਗੀ ਕਿ ਉਸ ਘਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਪਰ ਮੈਨੂੰ ਤਾਂ ਉਸ ਬੀਬੀ ਦੀ ਹੀ ਕਾਲ ਆ ਗਈ। ਕਾਲ ਦੌਰਾਨ ਉਸ ਨੇ ਆਮ ਸਵਾਲਾਂ ਦੇ ਜਵਾਬ ਦਿੱਤੇ, ਪਰ ਜ਼ਿਆਦਾਤਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ, ਆਪਣੀ ਨਿੱਜਤਾ ਦੇ ਮੱਦੇਨਜ਼ਰ।’ ਹੈਨਸਨ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਹ ਏਨੇ ਸਾਲਾਂ ਬਾਅਦ ਰਾਜ਼ੀ-ਖੁਸ਼ੀ ਰਹਿੰਦੀ ਮਿਲੀ ਹੈ।





