6 ਵਿਦਿਆਰਥੀਆਂ ਤੇ ਡਰਾਈਵਰ ਦੀ ਮੌਤ

0
180

ਸਮਾਣਾ/ਪਟਿਆਲਾ (ਇਕਬਾਲ ਸਿੰਘ ਬੱਲ, ਗੁਰਪਿਆਰ ਸਿੰਘ ਬੱਲ/ਰਜਿੰਦਰ ਸਿੰਘ ਥਿੰਦ)- ਬੁੱਧਵਾਰ ਬਾਅਦ ਦੁਪਹਿਰ ਸਮਾਣਾ-ਪਟਿਆਲਾ ਸੜਕ ’ਤੇ ਪੈਂਦੇ ਪਿੰਡ ਨੱਸੂਪੁਰ ਨੇੜੇ ਮਿੱਟੀ ਨਾਲ ਭਰੇ ਟਿੱਪਰ ਤੇ ਇਨੋਵਾ ਦੀ ਟੱਕਰ ਦੌਰਾਨ ਇਨੋਵਾ ਵਿੱਚ ਸਵਾਰ 6 ਸਕੂਲੀ ਬੱਚਿਆਂ ਤੇ ਡਰਾਈਵਰ ਦੀ ਮੌਤ ਹੋ ਗਈ। ਬਾਕੀ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਜਿਤੇਨ ਡਾਹਰਾ ਨੇ ਦੱਸਿਆ ਕਿ ਮਿ੍ਰਤਕ ਬੱਚਿਆਂ ਵਿੱਚ ਪਰਬ ਪੁੱਤਰ ਰਜੀਵ ਸਚਦੇਵਾ, ਭਵਿਆਨਸੀ ਪੁੱਤਰੀ ਕਰਨ ਸੱਚਦੇਵਾ, ਅਰਾਧਿਆ ਪੁੱਤਰੀ ਸਚਿਨ ਲੂੰਬਾ, ਭਵਿਆਨ ਪੁੱਤਰ ਕਰਨ ਸਚਦੇਵਾ, ਅਨਾਇਆ ਪੁੱਤਰੀ ਅਮਿਤ ਘੁੰਮਣ, ਮੋਨਾ ਪੁੱਤਰੀ ਨਾਮਲੂਮ, ਡਰਾਈਵਰ ਬਲਵਿੰਦਰ ਸਿੰਘ (45) ਪੁੱਤਰ ਛੋਟਾ ਸਿੰਘ ਵਾਸੀ ਫਤਿਹਪੁਰ ਸ਼ਾਮਲ ਹਨ। ਜ਼ਖਮੀ ਬੱਚਿਆਂ ਵਿੱਚ ਨਕਸਿਤਾ ਪੁੱਤਰੀ ਸੌਰਵ ਸਿੰਗਲਾ, ਸਿਫਤ ਕੌਰ ਪੁੱਤਰੀ ਹਰਪ੍ਰੀਤ ਸਿੰਘ, ਤਨਵੀ ਪੁੱਤਰੀ ਮੋਹਿਤ, ਅੰਨਿਆ ਪੁੱਤਰੀ ਅਮਿਤ ਤੋਂ ਇਲਾਵਾ ਦੋ ਨਾਮਾਲੂਮ ਬੱਚੇ ਸ਼ਾਮਲ ਹਨ। ਇਹ ਸਾਰੇ ਬੱਚੇ ਸਮਾਣਾ ਦੇ ਵਸਨੀਕ ਸਨ। ਬੱਚੇ ਪਟਿਆਲਾ ਦੇ ਨਿੱਜੀ ਸਕੂਲ ਵਿੱਚ ਛੁੱਟੀ ਹੋਣ ਉਪਰੰਤ ਆਪਣੇ ਘਰ ਸਮਾਣਾ ਨੂੰ ਇਨੋਵਾ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਮਿ੍ਰਤਕ ਸਕੂਲੀ ਬੱਚਿਆਂ ਦੀ ਉਮਰ 7 ਤੋਂ 12 ਸਾਲ ਦੱਸੀ ਜਾ ਰਹੀ ਹੈ।