ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਪਿੰਡ ਆਕਲੀਆ ਖੁਰਦ ਦੇ ਖੇਤਾਂ ਵਿਚ ਬੁੱਧਵਾਰ ਵੱਡੇ ਤੜਕੇ ਕਰੀਬ 1.30 ਵਜੇ ਅਣਪਛਾਤਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ’ਚ ਧਮਾਕਾ ਹੋਣ ਕਾਰਨ ਨੇੜੇ ਖੜ੍ਹੇ ਲੋਕ ਇਸ ਦੀ ਲਪੇਟ ਵਿਚ ਆ ਗਏ। ਇੱਕ ਖੇਤ ਮਜ਼ਦੂਰ ਦੀ ਮੌਤ ਹੋ ਗਈ। ਪੁਲਸ ਅਤੇ ਫੌਜ ਪ੍ਰਸ਼ਾਸਨ ਦੀ ਸਖਤੀ ਕਾਰਨ ਕਿਸੇ ਨੂੰ ਵੀ ਹਾਦਸੇ ਵਾਲੀ ਥਾਂ ਨੇੜੇ ਨਹੀਂ ਢੁੱਕਣ ਦਿੱਤਾ ਜਾ ਰਿਹਾ। ਇਹ ਜਹਾਜ਼ ਡਿੱਗਣ ਦੀ ਘਟਨਾ ਨੂੰ ਲੋਕਾਂ ਵੱਲੋਂ ਪਾਕਿਸਤਾਨੀ ਫੌਜੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਪਰ ਇਸ ਬਾਰੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਪਿੰਡ ਆਕਲੀਆ ਦੇ ਸਰਪੰਚ ਕਾਲਾ ਸਿੰਘ ਨੇ ਦੱਸਿਆ ਕਿ ਦੋਵੇਂ ਪਾਇਲਟ ਸੁਰੱਖਿਤ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ। ਉਧਰ ਲੋਕਾਂ ਨੇ ਦੱਸਿਆ ਕਿ ਬਿਸ਼ਨੰਦੀ ਪਿੰਡ ਵਿੱਚ ਖੇਤਾਂ ਵਿੱਚ ਜਹਾਜ਼ ਦਾ ਮਲਬਾ ਵੀ ਮਿਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਜਹਾਜ਼ ਡਿੱਗਣ ਤੋਂ ਬਾਅਦ ਤਕਰੀਬਨ 35 ਫੁੱਟ ਉੱਚੀ ਲਾਟ ਉੱਪਰ ਵੱਲ ਗਈ ਤੇ ਲਗਾਤਾਰ ਅੱਧਾ ਘੰਟਾ ਧਮਾਕੇ ਹੁੰਦੇ ਰਹੇ। ਇਸ ਮੌਕੇ ਕੁਝ ਲੋਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਨੇੜੇ ਆ ਗਏ। ਮਿ੍ਰਤਕ ਦੀ ਪਛਾਣ ਗੋਵਿੰਦ ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਚਰਖੀ ਦਾਦਰੀ ਦਾ ਰਹਿਣ ਵਾਲਾ ਖੇਤ ਮਜ਼ਦੂਰ ਸੀ। ਚਸ਼ਮਦੀਦਾਂ ਅਨੁਸਾਰ ਕਈ ਖੇਤ ਮਜ਼ਦੂਰ ਮੰਗਲਵਾਰ ਦੇਰ ਰਾਤ ਸਥਾਨਕ ਅਨਾਜ ਮੰਡੀ ਵਿੱਚ ਸਨ ਜਦੋਂ ਉਨ੍ਹਾਂ ਨੇ ਇੱਕ ਜਹਾਜ਼ ਨੂੰ ਅਸਾਧਾਰਨ ਤੌਰ ’ਤੇ ਹੇਠਾਂ ਆਉਂਦੇ ਦੇਖਿਆ ਅਤੇ ਕੁਝ ਪਲਾਂ ਬਾਅਦ ਇਹ ਖੇਤਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਡਿੱਗਣ ਤੋਂ ਬਾਅਦ ਜਿਵੇਂ ਹੀ ਕੁਝ ਲੋਕ ਅੱਗ ਦੇ ਮਲਬੇ ਕੋਲ ਪਹੁੰਚੇ ਤਾਂ ਇੱਕ ਧਮਾਕਾ ਹੋਇਆ, ਜਿਸ ਵਿੱਚ ਗੋਵਿੰਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ।




