ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨਾਲ ਤਣਾਅ ਨੂੰ ਖਤਮ ਲਈ ਤਿਆਰ ਹੈ, ਜੇ ਭਾਰਤ ਟਕਰਾਅ ਨੂੰ ਘੱਟ ਕਰਦਾ ਹੈ। ਉਨ੍ਹਾ ਦੀ ਇਹ ਟਿੱਪਣੀ ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਫੌਜੀ ਹਮਲੇ ਕਰਨ ਤੋਂ ਕੁਝ ਘੰਟੇ ਬਾਅਦ ਸਾਹਮਣੇ ਆਈ ਹੈ। ਬਲੂਮਬਰਗ ਟੈਲੀਵਿਜ਼ਨ ਵੱਲੋਂ ਆਸਿਫ ਦੇ ਇਹ ਕਹਿਣ ਦੀ ਰਿਪੋਰਟ ਦਿੱਤੀ ਗਈ ਸੀ ਕਿ ਪਾਕਿਸਤਾਨ ਸਿਰਫ ਹਮਲਾ ਹੋਣ ’ਤੇ ਹੀ ਜਵਾਬ ਦੇਵੇਗਾ।
ਉਨ੍ਹਾ ਕਿਹਾ, ‘ਅਸੀਂ ਪਿਛਲੇ ਪੰਦਰਵਾੜੇ ਤੋਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਕਦੇ ਵੀ ਭਾਰਤ ਪ੍ਰਤੀ ਦੁਸ਼ਮਣੀ ਵਾਲੀ ਕੋਈ ਗੱਲ ਨਹੀਂ ਸ਼ੁਰੂ ਕਰਾਂਗੇ, ਪਰ ਜੇ ਸਾਡੇ ’ਤੇ ਹਮਲਾ ਕੀਤਾ ਜਾਂਦਾ ਹੈ, ਤਾਂ ਅਸੀਂ ਜਵਾਬ ਦੇਵਾਂਗੇ। ਜੇ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਇਸ ਤਣਾਅ ਨੂੰ ਯਕੀਨੀ ਤੌਰ ’ਤੇ ਖਤਮ ਕਰਾਂਗੇ।’ ਗੱਲਬਾਤ ਦੀ ਸੰਭਾਵਨਾ ਬਾਰੇ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਸੰਭਾਵੀ ਸੰਬੰਧਾਂ ਬਾਰੇ ਜਾਣੂ ਨਹੀਂ।
ਪਾਕਿਸਤਾਨੀ ਗੋਲਾਬਾਰੀ ’ਚ 10 ਭਾਰਤੀਆਂ ਦੀ ਮੌਤ
ਸ੍ਰੀਨਗਰ : ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਮੰਗਲਵਾਰ ਰਾਤ ਪਾਕਿਸਤਾਨ ਵੱਲੋਂ ਤੋਪਖਾਨੇ ਨਾਲ ਗੋਲੇ ਵਰ੍ਹਾਉਣ ਕਾਰਨ ਪੁਣਛ ਖੇਤਰ ’ਚ ਇੱਕ ਮਹਿਲਾ ਤੇ ਦੋ ਬੱਚਿਆਂ ਸਣੇ 10 ਨਾਗਰਿਕ ਮਾਰੇ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਮਾਰੇ ਜਾਣ ਵਾਲਿਆਂ ਵਿੱਚ ਰੂਬੀ ਕੌਰ ਵਾਸੀ ਸ਼ੱਲੂ ਸਿੰਘ, ਮੁਹੱਲਾ ਸਰਦਾਰਾਂ, ਮਾਨਕੋਟ, ਅਮਰੀਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਸੰਦੀਗੇਟ ਤੇ ਰਣਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਸੰਦੀਗੇਟ ਸ਼ਾਮਲ ਹਨ।
ਕਰਤਾਰਪੁਰ ਲਾਂਘਾ ਬੰਦ
ਗੁਰਦਾਸੁਪਰ : ਕੇਂਦਰੀ ਗ੍ਰਹਿ ਮੰਤਰਾਲੇ ਦੇ ਇਮੀਗ੍ਰੇਸ਼ਨ ਬਿਊਰੋ ਨੇ ਅਗਲੇ ਹੁਕਮਾਂ ਤੱਕ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਹੈ। ਇੰਟੈਗਰੇਟਿਡ ਚੈੱਕ ਪੋਸਟ ’ਤੇ ਇਕੱਤਰ ਹੋਏ 150 ਸ਼ਰਧਾਲੂਆਂ ਨੂੰ ਬੁੱਧਵਾਰ ਸਵੇੇਰੇ ਡੇਢ ਘੰਟੇ ਦੀ ਉਡੀਕ ਮਗਰੋਂ ਵਾਪਸ ਭੇਜ ਦਿੱਤਾ ਗਿਆ।
ਚੰਡੀਗੜ੍ਹ, ਅੰਮਿ੍ਰਤਸਰ ਤੇ ਪਠਾਨਕੋਟ ਸਣੇ 18 ਹਵਾਈ ਅੱਡੇ ਬੰਦ
ਦਿੱਲੀ : ਬੁੱਧਵਾਰ ਸਵੇਰੇ ਪਾਕਿਸਤਾਨ ਵਿਰੁੱਧ ਹਥਿਆਰਬੰਦ ਬਲਾਂ ਵੱਲੋਂ ਮਿਜ਼ਾਈਲ ਹਮਲੇ ਕੀਤੇ ਜਾਣ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਚਕਾਰ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਸ੍ਰੀਨਗਰ ਸਮੇਤ ਘੱਟੋ-ਘੱਟ 18 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਸੰਚਾਲਨ ਲਈ ਬੰਦ ਕਰ ਦਿੱਤਾ ਗਿਆ। ਇਨ੍ਹਾਂ ਹਵਾਈ ਅੱਡਿਆਂ ਵਿੱਚ ਸ੍ਰੀਨਗਰ, ਲੇਹ, ਜੰਮੂ, ਅੰਮਿ੍ਰਤਸਰ, ਪਠਾਨਕੋਟ, ਚੰਡੀਗੜ੍ਹ, ਜੋਧਪੁਰ, ਜੈਸਲਮੇਰ, ਸ਼ਿਮਲਾ, ਧਰਮਸ਼ਾਲਾ ਅਤੇ ਜਾਮਨਗਰ ਸ਼ਾਮਲ ਹਨ।


