ਟਕਰਾਅ ਮਾੜਾ

0
10

ਪਾਕਿਸਤਾਨ ਨੂੰ ਉਸ ਦੀ ਕਰਤੂਤ ਲਈ ਸਬਕ ਸਿਖਾਉਣ ਦੀ ਕਾਰਵਾਈ ਫੌਜ ਨੇ ਕੀਤੀ, ਪਰ ਭਾਜਪਾ ਤੇ ਉਸ ਦੀ ਭਗਵਾਂ ਬਿ੍ਰਗੇਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੱਲੇ-ਬੱਲੇ ਕਰਨ ’ਚ ਪੂਰਾ ਤਾਣ ਲਾ ਦਿੱਤਾ ਹੈ। ਪਿਛਲੇ ਸਾਲ ਦੀਆਂ ਗਰਮੀਆਂ ’ਚ ਭਾਜਪਾ ਦੇ ਲੋਕ ਸਭਾ ਚੋਣਾਂ ਵਿੱਚ ਸਪੱਸ਼ਟ ਬਹੁਮਤ ਹਾਸਲ ਕਰਨ ’ਚ ਨਾਕਾਮ ਰਹਿਣ ਨਾਲ ਮੋਦੀ ਬਰਾਂਡ ਦੀ ਘਟੀ ਲਿਸ਼ਕ ਨੂੰ ਮੁੜ ਚਮਕਾਉਣ ਲਈ ਭਾਜਪਾਈ ਤੇ ਉਨ੍ਹਾਂ ਦੇ ਸੰਗੀ ਸੋਸ਼ਲ ਮੀਡੀਆ ’ਤੇ ਫੌਜ ਨਾਲੋਂ ਵੱਧ ਮੋਦੀ ਦਾ ਗੁਣਗਾਨ ਕਰ ਰਹੇ ਹਨ। ਭਾਜਪਾ ਨੇ ਆਪਣੇ ਅਧਿਕਾਰਤ ‘ਐੱਕਸ’ ਹੈਂਡਲ ’ਤੇ ਪੋਸਟ ਪਾਈ ਕਿ ਦੇਸ਼ ਦੀਆਂ ਬੇਟੀਆਂ ਦਾ ਸਿੰਧੂਰ ਉਜਾੜਨ ਵਾਲਿਆਂ ਨੂੰ ਮੋਦੀ ਨੇ ਸਬਕ ਸਿਖਾ ਦਿੱਤਾ। ਭਾਜਪਾ ਦੇ ਸੋਸ਼ਲ ਮੀਡੀਆ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪੋਸਟ ਪਾਈ ਕਿ ਦਹਿਸ਼ਤਗਰਦਾਂ ਨੇ ਪਤਨੀਆਂ ਦੇ ਸਾਹਮਣੇ ਹਿੰਦੂ ਮਰਦਾਂ ਨੂੰ ਮਾਰਿਆ ਸੀ ਤੇ ਪ੍ਰਧਾਨ ਮੰਤਰੀ ਨੇ ਉਸ ਘਿਨਾਉਣੇ ਹਮਲੇ ਦਾ ਬਦਲਾ ਲੈ ਲਿਆ ਹੈ। ਮਾਲਵੀਆ ਨੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਦਹਿਸ਼ਤਗਰਦਾਂ ਨੂੰ ‘ਮੋਦੀ ਕੋ ਬਤਾ ਦੇਨਾ ਨਹੀਂ ਬੋਲਨਾ ਚਾਹੀਏ ਥਾ।’ ਇਹ ਡਾਇਲਾਗ ਹਾਲੀਵੁੱਡ ਦੀ ਪ੍ਰਸਿੱਧ ਫਿਲਮ ‘ਟੇਕਨ’ ਦੇ ਡਾਇਲਾਗ ਦੀ ਨਕਲ ਹੈ। ਇਸ ਤੋਂ ਇਲਾਵਾ ਭਾਜਪਾ ਨੇ ਬਾਲੀਵੁੱਡ ਫਿਲਮ ਵਰਗਾ ਡਾਇਲਾਗ ਪੋਸਟ ਕੀਤਾ ‘ਨਯਾ ਭਾਰਤ ਘਰ ਮੇਂ ਘੁਸਤਾ ਭੀ ਹੈ ਔਰ ਮਾਰਤਾ ਭੀ ਹੈ।’
ਪਾਕਿਸਤਾਨ ਦੀ ਸ਼ਹਿ ਤੇ ਹਮਾਇਤ ਹਾਸਲ ਦਹਿਸ਼ਤਗਰਦਾਂ ਵੱਲੋਂ ਪਹਿਲਗਾਮ ਦੀ ਬੈਸਰਨ ਵਾਦੀ ਵਿੱਚ ਭਾਰਤੀਆਂ ਦੇ ਵਹਾਏ ਗਏ ਖੂਨ ਦਾ ਬਦਲਾ ਲੈਣ ਲਈ ਸਰਕਾਰ ਤੇ ਫੌਜ ਦੀ ਪ੍ਰਸੰਸਾ ਹੋਣੀ ਸੁਭਾਵਕ ਹੈ, ਪਰ ਕੀ ਦੇਸ਼ ਦੀ ਸੇਵਾ ਸਿਰਫ ਇੱਕ ਆਗੂ ਦੇ ਗੁਣਗਾਨ ਨਾਲ ਹੀ ਹੋ ਸਕਦੀ ਹੈ, ਜਿਸ ਦੀ ਸਰਕਾਰ ਨੇ ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬਦਲਣ ਤੋਂ ਬਾਅਦ ਕਸ਼ਮੀਰ ’ਚ ਅਮਨ ਪਰਤਣ ਦਾ ਦਾਅਵਾ ਕੀਤਾ ਸੀ ਤੇ ਇੰਟੈਲੀਜੈਂਸ ਦੀ ਨਾਕਾਮੀ ਕਰਕੇ ਬੈਸਰਨ ’ਚ ਕਤਲੇਆਮ ਹੋ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੇ ਘੁਰਨਿਆਂ ’ਤੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ 25 ਮਿੰਟ ਦੀ ਕਾਰਵਾਈ ਨਾਲ 100 ਤੋਂ ਵੱਧ ਦਹਿਸ਼ਤਗਰਦ ਮਾਰੇ ਗਏ, ਪਰ ਇਹ ਵੀ ਹਕੀਕਤ ਹੈ ਕਿ ਪਾਕਿਸਤਾਨੀ ਗੋਲਾਬਾਰੀ ਨਾਲ ਪੁਣਛ ਵਿੱਚ ਚਾਰ ਬੱਚਿਆਂ ਸਣੇ 14 ਭਾਰਤੀ ਵੀ ਮਾਰੇ ਗਏ। ਮਤਲਬ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਵੀ ਆਮ ਭਾਰਤੀਆਂ ਦਾ ਖੂਨ ਡੁੱਲ੍ਹਿਆ। ਫਿਲਹਾਲ ਪਾਕਿਸਤਾਨ ਨੇ ਜੰਗ ਸ਼ੁਰੂ ਕਰਨ ਵਰਗੀ ਹਿਮਾਕਤ ਨਹੀਂ ਕੀਤੀ, ਪਰ ਕਰ ਦਿੱਤੀ ਤਾਂ ਆਮ ਲੋਕਾਂ ਲਈ ਕਿੰਨੀ ਮੁਸ਼ਕਲ ਹੋ ਸਕਦੀ ਹੈ, ਇਸ ਦਾ ਰੂਸ-ਯੂਕਰੇਨ ਤੇ ਇਜ਼ਰਾਈਲ-ਫਲਸਤੀਨ ਦੇ ਸੰਘਰਸ਼ਾਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਬੈਸਰਨ ਹਮਲੇ ਤੋਂ ਬਾਅਦ 100 ਤੋਂ ਵੱਧ ਦੇਸ਼ਾਂ ਨੇ ਭਾਰਤ ਨਾਲ ਹਮਦਰਦੀ ਜ਼ਾਹਰ ਕੀਤੀ ਸੀ ਤੇ ਨਾਲ ਹੀ ਇਹ ਅਪੀਲ ਕੀਤੀ ਸੀ ਕਿ ਭਾਰਤ ਅਜਿਹਾ ਕਦਮ ਨਾ ਚੁੱਕੇ, ਜਿਹੜਾ ਜੰਗ ਵੱਲ ਲਿਜਾਂਦਾ ਹੋਵੇ। ਨੋਟ ਕਰਨ ਵਾਲੀ ਗੱਲ ਹੈ ਕਿ ਹਮਦਰਦੀ ਕਰਨ ਵਾਲਿਆਂ ਨੇ ਦਹਿਸ਼ਤਗਰਦਾਂ ਨੂੰ ਭੰਡਿਆ ਸੀ, ਪਰ ਪਾਕਿਸਤਾਨ ਸਰਕਾਰ ਦੀ ਖੁੱਲ੍ਹ ਕੇ ਨਿੰਦਾ ਨਹੀਂ ਸੀ ਕੀਤੀ। ਬੈਸਰਨ ਕਤਲੇਆਮ ਨੂੰ ਲੈ ਕੇ ਭਾਰਤ ਦੇ ਅੰਦਰ ਜਿੰਨਾ ਮਰਜ਼ੀ ਗੁੱਸਾ ਹੋਵੇ, ਪਰ ਬਾਹਰਮੁਖੀ ਹਾਲਾਤ ਪੂਰੀ ਤਰ੍ਹਾਂ ਭਾਰਤ ਦੇ ਹੱਕ ਵਿੱਚ ਨਹੀਂ। ਦੁਨੀਆ ਦੋਹਾਂ ਪ੍ਰਮਾਣੂ ਤਾਕਤਾਂ ਵਿਚਾਲੇ ਜੰਗ ਨਹੀਂ ਚਾਹੁੰਦੀ। ਬਿਹਤਰ ਹੋਵੇਗਾ ਕਿ ਕਿਸੇ ਤੀਜੇ ਮੁਲਕ ਦੀ ਸਾਲਸੀ ਤੋਂ ਬਿਨਾਂ ਦੋਨੋਂ ਗੁਆਂਢੀ ਗੱਲਬਾਤ ਨਾਲ ਅਜਿਹਾ ਹੱਲ ਲੱਭਣ, ਜਿਹੜਾ ਆਮ ਲੋਕਾਂ ਦੀ ਸਲਾਮਤੀ ਦਾ ਜਾਮਨ ਬਣੇ। ਟਕਰਾਅ ਕਿਸੇ ਦੇ ਵੀ ਹਿੱਤ ’ਚ ਨਹੀਂ।