ਨੰਗਲ (ਸੁਰਜੀਤ ਸਿੰਘ)
ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਬਲੈਕ ਆਊਟ ਲਗਾ ਕੇ ਨੰਗਲ ਡੈਮ ਦੇ ਪਾਣੀ ਦੇ ਗੇਟ ਖੋਲ੍ਹ ਕੇ ਪੰਜਾਬੀਆਂ ਦੇ ਹੱਕਾਂ ਉੱਤੇ ਬੀ ਬੀ ਐੱਮ ਬੀ ਤੋਂ ਡਾਕਾ ਵਜਾਉਣਾ ਚਾਹੁੰਦੀ ਹੈ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਕਿ ਪੰਜਾਬੀ ਆਪਣਾ ਹੱਕ ਲੈਣਾ ਜਾਣਦੇ ਹਨ ਤੇ 20 ਮਈ ਤੱਕ ਅਸੀਂ ਲਗਾਤਾਰ ਨੰਗਲ ਡੈਮ ਅਤੇ ਲੋਹੰਡ ਖੱਡ ਲਾਗੇ ਦਿਨ-ਰਾਤ ਪਹਿਰੇਦਾਰੀ ਕਰਾਂਗੇ। ਇਹ ਪ੍ਰਗਟਾਵਾ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਸਿੰੰਘ ਮਾਨ ਨੇ ਵੀਰਵਾਰ ਬੀ ਬੀ ਐੱਮ ਬੀ ਸਤਲੁਜ ਸਦਨ ਬਾਹਰ ਆਪਣੇ ਪਾਣੀ ਦੇ ਹੱਕਾਂ ਲਈ ਬੈਠੇ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਦੱਸਣਾ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਹਲਕਾ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸੈਂਕੜੇ ਲੋਕਾਂ ਨੇ ਸਤਲੁਜ ਸਦਨ ਦੇ ਗੇਟ ਨੂੰ ਤਾਲਾ ਜੜ ਨੰਗਲ ਡੈਮ ਉੱਤੇ ਗੇਟ ਖੁੱਲ੍ਹਵਾਉਣ ਆਏ ਬੀ ਬੀ ਐੱਮ ਬੀ ਦੇ ਚੇਅਰਮੈਨ ਮਨੋਜ ਤਿ੍ਰਪਾਠੀ ਨੂੰ ਸਤਲੁਜ ਸਦਨ ਵਿੱਚ ਡੱਕਿਆ ਹੋਇਆ ਸੀ।
ਮਾਨ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਸਭ ਤੋਂ ਵੱਧ 60 ਫੀਸਦੀ ਹਿੱਸਾ ਹੈ, ਬਾਕੀ ਸੂਬਿਆਂ ਦਾ ਹਿੱਸਾ ਵੀ ਘੱਟ ਹੈ ਤੇ ਫਿਰ ਵੋਟ ਸਾਡੇ ਵਾਂਗ ਬਰਾਬਰ ਕਿਉ। ਹਿਮਾਚਲ, ਹਰਿਆਣਾ, ਰਾਜਸਥਾਨ ਆਪਣੀਆਂ ਤਿੰਨ ਵੋਟਾਂ ਇਕੱਠੀਆਂ ਗਿਣ ਕੇ ਮੀਟਿੰਗਾਂ ਕਰ ਖ਼ੁਦ ਹੀ ਫੈਸਲੇ ਲੈ ਲੈਂਦੇ ਹਨ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ, ਜਦੋਂ ਕਿ ਮਾਰਚ ਮਹੀਨੇ ਵਿੱਚ ਹੀ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਗਿਆ ਸੀ। ਇਨ੍ਹਾਂ ਨੂੰ 6 ਪੱਤਰ ਲਿਖ ਸਮੇਂ-ਸਮੇਂ ਦੱਸਿਆ ਵੀ ਗਿਆ, ਪਰ ਇਨ੍ਹਾਂ ਨੂੰ ਪੁਰਾਣੀਆਂ ਸਰਕਾਰਾਂ ਵਾਂਗੂ ਆਦਤਾਂ ਪਈਆਂ ਹਨ ਕਿ ਆਪਣੇ ਕੋਟੇ ਦਾ ਪਾਣੀ ਲੈ ਕੇ ਮੁੜ ਤੋਂ ਫਿਰ ਲੈ ਲਵਾਂਗੇ, ਪਰ ਅਸੀਂ ਫਿਰ ਕਹਿੰਦੇ ਹਾਂ ਕਿ ਇੱਕ ਬੂੰਦ ਵੀ ਫਾਲਤੂ ਪਾਣੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ 20 ਮਈ ਨੂੰ ਹਰਿਆਣਾ ਦਾ ਸਮਾਂ ਖਤਮ ਹੋ ਜਾਣਾ ਹੈ, ਇਨ੍ਹਾਂ ਨੂੰ ਇਨ੍ਹਾਂ ਦੇ ਬਣਦੇ ਹਿੱਸੇ ਦਾ ਪਾਣੀ ਦੇ ਦਿੱਤਾ ਜਾਵੇਗਾ। ਉਨ੍ਹਾ ਸਾਫ ਤੌਰ ’ਤੇ ਕਿਹਾ ਕਿ ਹਰਿਆਣਾ ਵਾਸੀ ਸਾਡੇ ਭਰਾ ਹਨ, ਇਨਸਾਨੀਅਤ ਦੇ ਤੌਰ ’ਤੇ ਹਰਿਆਣਾ ਨੂੰ ਪੀਣ ਲਈ ਉਨ੍ਹਾਂ ਦੀ ਆਬਾਦੀ ਮੁਤਾਬਕ ਪਰ ਵਿਅਕਤੀ 135 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ, ਪਰ ਉਨ੍ਹਾਂ ਦੇ ਆਗੂ ਸ਼ਾਇਦ ਉਨ੍ਹਾਂ ਨੂੰ ਗੁੰਮਰਾਹ ਕਰਦੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਬੀ ਬੀ ਐੱਮ ਬੀ ਦਾ ਇਕੋ ਕੰਮ ਹੈ ਕਿ ਸਾਨੂੰ ਆਰਡਰ ਮਾਰਨੇ ਤੇ ਇਹ ਲੋਕ ਆਰਡਰ ਮਾਰਨ ਦੀਆਂ ਹੀ ਤਨਖਾਹਾਂ ਲੈਂਦੇ ਹਨ, ਕਦੇ ਬੋਲਦੇ ਹਨ ਫਲੱਡ ਆ ਗਏ, ਪਿੰਡ ਖਾਲੀ ਕਰਵਾ ਦਿਓ, ਅਸੀਂ ਲੋਕਾਂ ਦੇ ਤਰਲੇ ਕਰਨ ਲੱਗ ਪੈਂਦੇ ਹਾਂ ਤੇ ਕਦੇ ਬੋਲਦੇ ਹਨ ਹੁਣ ਗੇਟ ਬੰਦ ਕਰਨੇ ਹਨ, ਤੁਸੀਂ ਸੰਭਾਲ ਲਿਓ।ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਕੁਝ ਕੇਂਦਰ ਦੇ ਇਸ਼ਾਰੇ ’ਤੇ ਹੋਰ ਰਿਹਾ ਹੈ, ਕੇਂਦਰ ਨੂੰ ਚਾਹੀਦਾ ਕਿ ਉਹ ਐੱਸ ਵਾਈ ਐੱਲ ਨਹਿਰ ਦਾ ਨਾਂਅ ਵਾਈ ਐੱਸ ਐੱਲ ਰੱਖ ਲਵੇ ਤੇ ਯੂ ਪੀ, ਬਿਹਾਰ, ਬੰਗਾਲ ਆਦਿ ਤੱਕ ਜਾਣ ਵਾਲੇ ਯਮੁਨਾ ਨਦੀ ਦੇ ਪਾਣੀ ਨੂੰ ਹਰਿਆਣਾ ਤੇ ਹੋਰ ਸੂਬਿਆਂ ਵਿੱਚ ਭੇਜੇ, ਪਰ ਸਾਡੇ ਤੋਂ ਕੋਈ ਉਮੀਦ ਨਾ ਰੱਖੇ। ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਡੇ ਕਿਸਾਨਾਂ ਦੀਆਂ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ 6 ਹਜ਼ਾਰ ਕਰੋੜ ਰੁਪਏ ਦਾ ਆਰ ਡੀ ਐੱਫ ਫੰਡ ਰੋਕੀ ਬੈਠੀ ਹੈ, ਇਹ ਸਾਡੇ ਨਾਲ ਕੋਈ ਲਿਹਾਜ਼ ਨਹੀਂ ਕਰਦੇ, ਫਿਰ ਹੁਣ ਅਸੀਂ ਕਿਉ ਕਰਨੀ, ਅਸੀਂ ਵੀ ਹੁਣ ਬੀ ਬੀ ਐੱਮ ਬੀ ਤੋਂ ਹਿਸਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ ਤੇ ਤਨਖਾਹਾਂ ਰੋਕਣ ਦੇ ਫਰਮਾਨ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਦਸਾਂ ਨਹੁੰਆਂ ਨਾਲ ਕਮਾਈ ਕਰਨ ਵਾਲੇ ਹਨ ਤੇ ਜਦੋਂ ਅੱਗ ਸਾਡੇ ਘਰਾਂ ਦੇ ਚੱੁਲ੍ਹਿਆਂ ਤੱਕ ਆ ਜਾਵੇ ਤਾਂ ਸਾਨੂੰ ਸੜਕਾਂ ’ਤੇ ਉਤਰਨਾ ਹੀ ਪਏਗਾ।
ਉਨ੍ਹਾ ਕਿਹਾ ਕਿ ਹਰਿਆਣੇ ਦਾ ਤਾਂ ਮੰਨਦੇ ਕਿ ਉਹ ਮਾਣਯੋਗ ਹਾਈ ਕੋਰਟ ਜਾਂਦਾ, ਪਰ ਇੱਥੇ ਤਾਂ ਬੀ ਬੀ ਐੱਮ ਬੀ ਦੇ ਉਹ ਅਧਿਕਾਰੀ ਅਦਾਲਤਾਂ ਵਿੱਚ ਜਾ ਰਹੇ ਹਨ, ਜਿਨ੍ਹਾਂ ਦੇ ਵਕੀਲਾਂ ਦੀਆਂ ਤਨਖਾਹਾਂ ਵੀ ਪੰਜਾਬ ਸਰਕਾਰ ਦੇ ਕੋਟੇ ਵਿਚੋਂ ਜਾਣੀਆਂ ਹਨ। ਉਨ੍ਹਾ ਕਿਹਾ ਕਿ ਹਾਈ ਕੋਰਟ ਨੇ ਕਿਹਾ ਕਿ 2 ਮਈ ਨੂੰ ਜੋ ਦਿੱਲੀ ਮੀਟਿੰਗ ਹੋਈ ਹੈ, ਉਸ ਉੱਤੇ ਫੈਸਲਾ ਲਿਆ ਜਾਵੇ, ਪਰ 2 ਮਈ ਵਾਲੀ ਮੀਟਿੰਗ ਸਿੱਧੇ ਤੌਰ ’ਤੇ ਗੈਰ ਕਾਨੂੰਨੀ ਸੀ ਤੇ ਉਸ ਵਿੱਚ ਤਾਂ ਕੋਈ ਫੈਸਲਾ ਹੀ ਨਹੀਂ ਹੋਇਆ, ਫਰਮਾਨ ਜਾਰੀ ਹੋਏ ਹਨ ਕਿ ਬੀ ਬੀ ਐੱਮ ਬੀ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਨਾ ਕਰੇ ਪੰਜਾਬ ਸਰਕਾਰ। ਉਨ੍ਹਾ ਕਿਹਾ ਕਿ ਪੰਜਾਬੀਆਂ ਨੇ ਜੋ ਅੱਜ ਕੀਤਾ ਹੈ, ਚੰਡੀਗੜ੍ਹ ਵਾਲਿਆਂ ਨੂੰ ਪਤਾ ਲੱਗ ਹੀ ਗਿਆ ਹੋਣੈ ਕਿ ਹੁਣ ਤਾਂ ਰੋਪੜ ਵੱਲ ਨੂੰ ਅਸੀਂ ਮੂੰਹ ਨਹੀਂ ਕਰਨਾ। ਉਨ੍ਹਾ ਕਿਹਾ ਕਿ ਅਸੀਂ ਤਾਂ ਕਦੇ ਆਪਣੇ ਹਿੱਸੇ ਦਾ 100 ਫੀਸਦੀ ਪਾਣੀ ਵਰਤਿਆ ਨਹੀਂ ਤੇ ਇਹ 100 ਤੋਂ ਥੱਲੇ ਕਦੇ ਆਏ ਹੀ ਨਹੀਂ। ਉਨ੍ਹਾ ਕਿਹਾ ਕਿ ਬੀ ਬੀ ਐੱਮ ਬੀ ਸਾਡੀ ਜ਼ਮੀਨ ’ਤੇ ਹੀ ਬੈਠ ਤਨਖਾਹਾਂ ਲੈ ਸਾਨੂੰ ਅੱਖਾਂ ਵਿਖਾ ਰਿਹਾ ਹੈ, ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾ ਕਿਹਾ ਕਿ ਬੀ ਬੀ ਐੱਮ ਬੀ ਇੱਕ ਚਿੱਟਾ ਹਾਥੀ ਹੈ, ਜਿਸ ਦਾ ਸਾਰਾ ਖਰਚਾ ਸਾਡੇ ’ਤੇ ਪਾਇਆ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਜੰਗ ਦੇ ਹਾਲਾਤ ’ਤੇ ਬੈਠਾ ਹੈ ਤੇ ਬੀ ਬੀ ਐੱਮ ਬੀ ਕੇਂਦਰ ਦੇ ਇਸ਼ਾਰੇ ’ਤੇ ਅਜਿਹੇ ਮਾੜੇ ਕੰਮ ਕਰ ਰਹੀ ਹੈ। ਇਨ੍ਹਾਂ ਖ਼ੁਦ ਮੁੱਦਾ ਭਖਾਇਆ ਤੇ ਹੁਣ ਨਜਿੱਠਣ ਵੀ ਲੈਣਾ। ਉਨ੍ਹਾ ਕਿਹਾ ਕਿ ਇਨਸਾਨੀਅਤ ਦੇ ਨਾਤੇ ਜੋ ਪਾਣੀ ਇਨ੍ਹਾਂ ਨੂੰ ਮਿਲ ਰਿਹੈ, ਉਸ ਦਾ ਧੰਨਵਾਦ ਤਾਂ ਕੀ ਕਰਨਾ, ਲਗਦੈ ਅਜਿਹੀਆਂ ਕੋਝਾਂ ਘੜ ਕੇ ਇਨ੍ਹਾਂ ਉਹ ਵੀ ਬੰਦ ਕਰਵਾਉਣੈ।ਉਨ੍ਹਾ ਕਿਹਾ ਕਿ ਜੇਕਰ ਨਾਰਮਲ ਮੀਟਿੰਗ ਕਰਨੀ ਹੋਵੇ ਤਾਂ ਇੱਕ ਮਹੀਨੇ ਦਾ ਨੋਟਿਸ ’ਤੇ ਜੇਕਰ ਅਰਜੈਂਟ ਕਰਨੀ ਹੋਵੇ ਤਾਂ ਇੱਕ ਹਫਤੇ ਦਾ ਨੋਟਿਸ ਦੇਣਾ ਪੈਂਦਾ, ਪਰ ਇਹ ਤਾਂ ਘੰਟਿਆਂ ਵਿੱਚ ਹੋ ਗਿਆ ਹੋ ਗਿਆ… ਕਹਿ ਤੁਰ ਜਾਂਦੇ ਹਨ। ਚੇਅਰਮੈਨ ਦਾ ਹੱਕ ਬਣਦਾ ਕਿ ਸੀ ਐੱਮ ਨੂੰ ਫੋਨ ਕਰੇ ਕਿ ਅਸੀਂ ਨੰਗਲ ਜਾਣਾ, ਪੁਲਸ ਨੂੰ ਵੀ ਨਹੀਂ ਦੱਸਿਆ ਤੇ ਕੰਟਰੋਲ ਰੂਮ ਵਿੱਚ ਫੋਨ ਕਰ ਨੰਗਲ ਪਹੁੰਚ ਗਏ, ਫਿਰ ਸਵਾਗਤ ਤਾਂ ਹਲਕਾ ਵਾਸੀਆਂ ਨੇ ਕਰਨਾ ਹੀ ਸੀ। ਇਸ ਮੌਕੇ ਇਰੀਗੇਸ਼ਨ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵੀ ਬੀ ਬੀ ਐੱਮ ਬੀ ਦੀ ਤਿੱਖੇ ਸ਼ਬਦਾਂ ਵਿੱਚ ਨੁਕਤਾਚੀਨੀ ਕਰ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾ ਕਿਹਾ ਕਿ ਰੇਗਿਸਤਾਨ ਵਿੱਚ ਪਿਆਸਾ ਰਹਿਣ ਵਾਲਾ ਹੀ ਪਾਣੀ ਦੀ ਕੀਮਤ ਜਾਣ ਸਕਦੈ, ਇਨ੍ਹਾਂ ਨੂੰ ਕੀ ਪਤਾ।ਜਦੋਂ ਚੇਅਰਮੈਨ ਮਨੋਜ ਤਿ੍ਰਪਾਠੀ ਚੰਡੀਗੜ੍ਹ ਤੋਂ ਨੰਗਲ ਡੈਮ ਦੇ ਗੇਟ ਖੁੱਲ੍ਹਵਾਉਣ ਡੈਮ ’ਤੇ ਪਹੁੰਚੇ ਤਾਂ ਮੰਤਰੀ ਹਰਜੋਤ ਸਿੰਘ ਬੈਂਸ ਦੇ ਕੱਟੜ ਸਮਰਥਕ ਡਾ. ਸੰਜੀਵ ਗੌਤਮ (ਚੇਅਰਮੈਨ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਪੰਜਾਬ), ਸੁਮਿਤ ਤਲਵਾੜਾ, ਐਡਵੋਕੇਟ ਨਿਸ਼ਾਂਤ ਗੁਪਤਾ ਤੇ ਸਰਪੰਚ ਅਮਰੀਕ ਸਿੰਘ ਦੇ ਪੁੱਤਰ ਪ੍ਰੀਤ ਸਿੰਘ ਨੇ ਡੈਮ ’ਤੇ ਬੈਠ ਤਿ੍ਰਪਾਠੀ ਦਾ ਵਿਰੋਧ ਕੀਤਾ। ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਚੇਅਰਮੈਨ ਵੱਲੋਂ ਡਾ. ਗੌਤਮ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਉਨ੍ਹਾਂ ਉੱਤੇ ਕਾਰਵਾਈ ਵੀ ਹੋ ਸਕਦੀ ਹੈ, ਪਰ ਡਾ. ਗੌਤਮ ਆਪਣੇ ਸਾਥੀਆਂ ਸਣੇ ਨੰਗਲ ਡੈਮ ’ਤੇ ਡਟੇ ਰਹ ਤੇ ਉਨ੍ਹਾਂ ਚੇਅਰਮੈਨ ਦਾ ਵਿਰੋਧ ਕੀਤਾ। ਉਕਤ ਗੱਲ ਦੀ ਭਿਣਕ ਜਿਵੇਂ ਹੀ ਬੈਂਸ ਨੂੰ ਲੱਗੀ ਤਾਂ ਉਹ ਵੀ ਨੰਗਲ ਪਹੁੰਚ ਗਏ। ਪਤਾ ਲੱਗਿਆ ਕਿ ਚੇਅਰਮੈਨ ਸਤਲੁਜ ਸਦਨ ਵਿੱਚ ਗਏ ਹਨ, ਮੰਤਰੀ ਦੇ ਸਮਰਥਕ ਸਦਨ ਬਾਹਰ ਸੜਕ ’ਤੇ ਦਰੀਆਂ ਬਿਛਾ ਤੇ ਟੈਂਟ ਲਗਾ ਬੈਠ ਗਏ। ਲੋਕਾਂ ਦੀ ਮੰਗ ਮੁਤਾਬਕ ਸਦਨ ਦੇ ਗੇਟ ਨੂੰ ਸੰਗਲ ਪਾ ਤਾਲਾ ਲਗਾ ਦਿੱਤਾ ਗਿਆ, ਪੁਲਸ ਫੋਰਸ ਵੱਡੀ ਗਿਣਤੀ ਵਿੱਚ ਨੰਗਲ ਬੀ ਬੀ ਐੱਮ ਬੀ ਸਤਲੁਜ ਸਦਨ ਬਾਹਰ ਪਹੁੰਚੀ ਤੇ ਮੰਤਰੀ ਬੈਂਸ ਨੇ ਐੱਸ ਐੱਸ ਪੀ ਸ਼ੁਭਮ ਅੱਗਰਵਾਲ ਨੂੰ ਕਿਹਾ ਕਿ ਚੇਅਰਮੈਨ ਨੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸਾਡੀ ਪਿੱਠ ’ਤੇ ਛੁਰਾ ਖੋਭਿਆ ਹੈ, ਇਨ੍ਹਾ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਬੈਂਸ ਨੇ ਕਿਹਾ ਕਿ ਸਾਰਾ ਦੇਸ਼ ਸੰਕਟ ਵਿੱਚ ਹੈ, ਜੰਗ ਤੇ ਹਾਲਾਤ ਬਣੇ ਹੋਏ ਹਨ ਤੇ ਇਹ ਚੋਰਮੋਰੀਓਂ ਨੰਗਲ ਡੈਮ ਦੇ ਗੇਟ ਖੋਲ੍ਹ ਪੰਜਾਬੀਆਂ ਦੇ ਹੱਕਾਂ ’ਤੇ ਡਾਕਾ ਮਾਰਨ ਨੂੰ ਘੁੰਮਦੇ ਹਨ। ਵੇਖਦੇ ਹੀ ਵੇਖਦੇ ਲੋਕਾਂ ਦਾ ਹਜ਼ੂਮ ਇੱਕਠਾ ਹੋ ਗਿਆ ਤੇ ਬੀ ਬੀ ਐੱਮ ਬੀ ਚੇਅਰਮੈਨ ਦਾ ਸਦਨ ਤੋਂ ਬਾਹਰ ਆਉਣਾ ਔਖਾ ਹੋ ਗਿਆ। ਲੋਕਾਂ ਵਿੱਚ ਭਾਰੀ ਰੋਸ ਸੀ। ਬੈਂਸ ਨੇ ਦੱਸਿਆ ਕਿ ਚੇਅਰਮੈਨ ਪੰਜਾਬ ਤੋਂ ਬਾਹਰ ਜਾਣ ਦੀ ਬੇਨਤੀ ਕਰ ਰਹੇ ਹਨ, ਪਰ ਲੋਕਾਂ ਦਾ ਗੁੱਸਾ ਬਰਕਰਾਰ ਸੀ ਤੇ ਭਾਰੀ ਪੁਲਸ ਫੋਰਸ ਦੀ ਮੌਜੂਦਗੀ ਵਿੱਚ ਜਿਵੇਂ ਹੀ ਚੇਅਰਮੈਨ ਨੂੰ ਸਦਨ ਤੋਂ ਬਾਹਰ ਲਿਆਂਦਾ ਗਿਆ, ਗੁੱਸਾਏ ਲੋਕਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਤੇ ਜ਼ੋਰਦਾਰ ਨਾਅਰੇਬਾਜੀ ਕੀਤੀ। ਕਾਫੀ ਮੁਸ਼ੱਕਤ ਤੋਂ ਬਾਅਦ ਪੰਜਾਬ ਪੁਲਸ ਉਨ੍ਹਾ ਨੂੰ ਸੁਰੱਖਿਅਤ ਨੰਗਲ ਤੋਂ ਬਾਹਰ ਛੱਡ ਆਈ, ਜਿਸ ਤੋਂ ਬਾਅਦ ਮੱੁਖ ਮੰਤਰੀ ਦੀ ਐਂਟਰੀ ਹੋਈ ਤੇ ਉਨ੍ਹਾ ਲੋਕਾਂ ਵਿੱਚ ਕਰੀਬ 18 ਮਿੰਟ ਭਾਸ਼ਣ ਦਿੱਤਾ ਤੇ ਫਿਰ ਸਦਨ ਵਿੱਚ ਜਾ ਕੇ ਪ੍ਰੈੱਸ ਵਾਰਤਾ ਕੀਤੀ।