ਗੱਲਬਾਤ ਡੀ ਜੀ ਐੱਮ ਓ ਪੱਧਰ ’ਤੇ ਹੀ ਹੋਵੇਗੀ

0
198

ਨਵੀਂ ਦਿੱਲੀ : ਭਾਰਤ ਨੇ ਐਤਵਾਰ ਦਾਅਵਾ ਕੀਤਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਤੇ ਵਿਦੇਸ਼ ਮੰਤਰੀਆਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ, ਬਲਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨ (ਡੀ ਜੀ ਐੱਮ ਓ) ਦਰਮਿਆਨ ਹੀ ਗੱਲਬਾਤ ਹੋਈ ਹੈ। ਸੂਤਰਾਂ ਮੁਤਾਬਕ ‘ਅਪਰੇਸ਼ਨ ਸਿੰਧੂਰ’ ਹਾਲੇ ਖਤਮ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਇਸ ਵੇਲੇ ਸਿਰਫ ਇਕ ਮਾਮਲਾ ਰਹਿੰਦਾ ਹੈ, ਉਹ ਹੈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਾਪਸੀ। ਜੇ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਸੌਂਪਣ ਦੀ ਗੱਲ ਕਰਦਾ ਹੈ ਤਾਂ ਭਾਰਤ ਗੱਲਬਾਤ ਲਈ ਤਿਆਰ ਹੈ। ਇਹ ਵੀ ਪਤਾ ਲੱਗਿਆ ਹੈ ਕਿ ਭਾਰਤ ਨੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਕਿਸੇ ਸਾਲਸੀ ਦੀ ਜ਼ਰੂਰਤ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਪਾਕਿਸਤਾਨ ਵੱਲੋਂ ਗੋਲੀ ਚਲਦੀ ਹੈ ਤਾਂ ਭਾਰਤ ਵੱਲੋਂ ਗੋਲਾ ਚੱਲੇਗਾ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨਾਲ ਸਿਰਫ ਡੀ ਜੀ ਐੱਮ ਓ ਪੱਧਰ ’ਤੇ ਗੱਲਬਾਤ ਹੋਵੇਗੀ ਤੇ ਹੋਰ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਹੋਵੇਗੀ। ਪਾਕਿਸਤਾਨ ਵੱਲੋਂ ਭਾਰਤ ਖਿਲਾਫ ਦਹਿਸ਼ਤੀ ਕਾਰਵਾਈਆਂ ਜਾਰੀ ਰਹਿਣ ਤੱਕ ਸਿੰਧੂ ਜਲ ਸੰਧੀ ਰੱਦ ਰਹੇਗੀ। ਉਨ੍ਹਾਂ ਕਿਹਾ ਕਿ ਜੰਗਬੰਦੀ ਦੀ ਸ਼ੁਰੂਆਤ ਵੇਲੇ ਪਾਕਿਸਤਾਨੀ ਡੀ ਜੀ ਐੱਮ ਓ ਨੇ 10 ਮਈ ਨੂੰ ਭਾਰਤੀ ਡੀ ਜੀ ਐੱਮ ਓ ਕੋਲ ਪਹੁੰਚ ਕੀਤੀ ਸੀ। ਭਾਰਤ ਵੱਲੋਂ ਸੱਤ ਮਈ ਨੂੰ ਅੱਤਵਾਦੀ ਟਿਕਾਣਿਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ ਜੇ ਪਾਕਿਸਤਾਨ ਗੋਲੀਬਾਰੀ ਕਰਦਾ ਹੈ ਤਾਂ ਭਾਰਤ ਹੋਰ ਮਜ਼ਬੂਤੀ ਨਾਲ ਇਸ ਦਾ ਜਵਾਬ ਦੇਵੇਗਾ। ਪਾਕਿਸਤਾਨ ਵੱਲੋਂ ਸੱਤ ਮਈ ਤੋਂ ਬਾਅਦ ਕੀਤੀ ਜਾਣ ਵਾਲੀ ਹਰ ਕਾਰਵਾਈ ਦਾ ਭਾਰਤ ਨੇ ਸਖਤ ਤੇ ਹਮਲਾਵਰ ਰੁਖ ਨਾਲ ਜਵਾਬ ਦਿੱਤਾ ਹੈ।