ਨਵੀਂ ਦਿੱਲੀ : ਕਾਂਗਰਸ ਨੇ ਮੋਦੀ ਸਰਕਾਰ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੇ ਘਟਨਾਕ੍ਰਮ ’ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਅਜਲਾਸ ਬੁਲਾਉਣ ਦੀ ਅਪੀਲ ਕੀਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਸਹਿਮਤੀ ਨਾਲ ਤੁਹਾਨੂੰ ਪਹਿਲਾਂ ਹੀ ਮੁੜ ਪੱਤਰ ਲਿਖ ਕੇ ਪਹਿਲਗਾਮ ਦਹਿਸ਼ਤੀ ਹਮਲੇ, ਅਪ੍ਰੇਸ਼ਨ ਸਿੰਧੂਰ ਅਤੇ ਪਹਿਲਾਂ ਅਮਰੀਕਾ ਤੇ ਮਗਰੋਂ ਭਾਰਤ ਤੇ ਪਾਕਿਸਤਾਨ ਵੱਲੋਂ ਕੀਤੇ ਜੰਗਬੰਦੀ ਦੇ ਐਲਾਨਾਂ ’ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਬੇਨਤੀ ਕੀਤੀ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਮੈਂ ਉਪਰੋਕਤ ਬੇਨਤੀ ਦੀ ਹਮਾਇਤ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਸਹਿਮਤੀ ਦਿਓਗੇ।’




