ਨੰਗਲ (ਸੁਰਜੀਤ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਰਾਹੀਂ ਸੂਬੇ ਦੇ ਪਾਣੀਆਂ ਨੂੰ ਖੋਹ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਅਹਿਦ ਲਿਆ।ਮੁੱਖ ਮੰਤਰੀ ਨੰਗਲ ਵਿਖੇ ਬੀ.ਬੀ.ਐੱਮ.ਬੀ. ਵੱਲੋਂ ਪਾਣੀ ਛੱਡਣ ਦੇ ਖਿਲਾਫ ਹੋਏ ਪ੍ਰਦਰਸ਼ਨ ਵਿੱਚ ਪਹੁੰਚੇ।ਇਸ ਮੌਕੇ ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਵੀ ਹਾਜ਼ਰ ਸਨ।ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਭਾਜਪਾ ਸੂਬਾ ਸਰਕਾਰ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਅਤੇ ਸਾਨੂੰ ਆਪਣੇ ਕੀਮਤੀ ਪਾਣੀਆਂ ਨੂੰ ਬਚਾਉਣ ਲਈ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਕਰ ਰਹੀ ਹੈ।ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਕਿਸਾਨ ਯੂਨੀਅਨਾਂ ਦੀ ਚੁੱਪ ’ਤੇ ਵੀ ਸਵਾਲ ਚੁੱਕੇ।ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਇਸ ਸੰਬੰਧ ਵਿੱਚ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ ਹੈ।ਉਨ੍ਹਾ ਕਿਹਾ ਕਿ ਉਹ ਸਿਰਫ਼ ਬੇਤੁਕੇ ਮਸਲਿਆਂ ’ਤੇ ਸੜਕ ਅਤੇ ਰੇਲਾਂ ਜਾਮ ਕਰਕੇ ਆਪਣੀਆਂ ‘ਦੁਕਾਨਾਂ’ ਚਲਾ ਰਹੇ ਹਨ, ਪਰ ਸੂਬੇ ਨਾਲ ਸੰਬੰਧਤ ਇਸ ਮਹੱਤਵਪੂਰਨ ਅਤੇ ਗੰਭੀਰ ਮੁੱਦੇ ’ਤੇ ਪੂਰੀ ਤਰ੍ਹਾਂ ਚੁੱਪ ਹਨ।ਮਾਨ ਨੇ ਤਨਜ਼ ਕੱਸਦਿਆਂ ਕਿਹਾ ਕਿ ਅਸਲ ਵਿੱਚ ਕਿਸਾਨ ਆਗੂ ਇਸ ਕਰਕੇ ਅੱਜ ਨੰਗਲ ਨਹੀਂ ਪਹੁੰਚੇ, ਕਿਉਕਿ ਇੱਥੇ ਏ.ਸੀ. ਵਾਲੀਆਂ ਟਰਾਲੀਆਂ ਨਹੀਂ ਹਨ ਅਤੇ ਉਨ੍ਹਾਂ ਨੂੰ ਧੁੱਪ ਹੇਠ ਵਿਰੋਧ ਪ੍ਰਦਰਸ਼ਨ ਕਰਨਾ ਪੈਣਾ ਸੀ, ਜੋ ਹੁਣ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਕਿਸਾਨ ਯੂਨੀਅਨਾਂ ਦੀ ਮਦਦ ਦੀ ਲੋੜ ਵੀ ਨਹੀਂ ਹੈ, ਕਿਉਕਿ ਸਾਡੀ ਸਰਕਾਰ ਪੰਜਾਬ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਖੁਦ ਕਰਨ ਦੇ ਸਮਰੱਥ ਹੈ।ਮਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਹੁਣ ਕੋਈ ਬੀ.ਬੀ.ਐੱਮ.ਬੀ. ਅਧਿਕਾਰੀ ਇੱਥੇ ਆ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਆਪਣੀ ਸੁਰੱਖਿਆ ਦੇ ਖੁਦ ਜ਼ਿੰਮੇਵਾਰ ਹੋਣਗੇ, ਕਿਉਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਵਿਰੁੱਧ ਹਨ। ਉਨ੍ਹਾ ਕਿਹਾ ਕਿ ਇਹ ਸਾਰੀ ਸ਼ਰਾਰਤ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ਼ਾਰੇ ’ਤੇ ਹੋ ਰਹੀ ਹੈ, ਜੋ ਹਰਿਆਣਾ ਤੋਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਖੱਟਰ ਅਤੇ ਭਾਜਪਾ ਪੰਜਾਬ ਨੂੰ ਹਲਕੇ ਵਿੱਚ ਨਾ ਲੈਣ, ਕਿਉਕਿ ਜੇਕਰ ਪੰਜਾਬੀ ਸੂਬੇ ਦੀਆਂ ਸਰਹੱਦਾਂ ਦੀ ਰਾਖੀ ਕਰ ਸਕਦੇ ਹਨ ਤਾਂ ਉਹ ਇਸ ਦੇ ਪਾਣੀਆਂ ਨੂੰ ਵੀ ਬਚਾਉਣ ਦੇ ਸਮਰੱਥ ਹਨ।





