ਫਿਰੋਜ਼ਪੁਰ : ਵਟਸਐਪ ’ਤੇ ਫੌਜ ’ਚ ਭਰਤੀ ਦੀ ਫੈਲੀ ਅਫਵਾਹ ਕਾਰਨ ਸੋਮਵਾਰ ਸਵੇਰੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਨੌਜਵਾਨ, ਜਿਨ੍ਹਾਂ ਵਿੱਚ ਕੁੜੀਆਂ ਵੀ ਸ਼ਾਮਲ ਸਨ, ਸਥਾਨਕ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ। ਕਈ ਕੁੜੀਆਂ ਆਪਣੇ ਮਾਪਿਆਂ ਨਾਲ ਆਈਆਂ ਸਨ। ਦੁਪਹਿਰ ਤੱਕ ਇਹ ਨੌਜਵਾਨ ਫੌਜ ਦੇ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰਦੇ ਰਹੇ, ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਝੂਠਾ ਸੁਨੇਹਾ ਫੈਲਾ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਕਈ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਸਮੇਤ ਇਥੋਂ ਦੇ ਗੁਆਂਢੀ ਜ਼ਿਲ੍ਹਾ ਫਰੀਦਕੋਟ, ਮੋਗਾ ਤੇ ਫਾਜ਼ਿਲਕਾ ਜ਼ਿਲ੍ਹੇ ਤੋਂ ਵੀ ਆਏ ਸਨ। ਸੂਚਨਾ ਮਿਲਣ ’ਤੇ ਡੀ ਸੀ ਦਫਤਰ ਵੱਲੋਂ ਤਹਿਸੀਲਦਾਰ ਅਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਨੌਜਵਾਨਾਂ ਤੋਂ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਦੱਸਿਆ ਕਿ ਅਜਿਹੀ ਕੋਈ ਭਰਤੀ ਨਹੀਂ ਹੋ ਰਹੀ। ਇਸ ਅਧਿਕਾਰੀ ਨੇ ਨੌਜਵਾਨਾਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ ਘਰ ਜਾਣ ਲਈ ਕਿਹਾ। ਇਸ ਘਟਨਾ ਨੇ ਸੋਸ਼ਲ ਮੀਡੀਆ ’ਤੇ ਫੈਲਣ ਵਾਲੀਆਂ ਅਫਵਾਹਾਂ ਦੇ ਖਤਰਨਾਕ ਨਤੀਜਿਆਂ ਨੂੰ ਉਜਾਗਰ ਕੀਤਾ ਹੈ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅਜਿਹੇ ਸੰਵੇਦਨਸ਼ੀਲ ਸਮੇਂ ਦੌਰਾਨ ਲੋਕ ਆਸਾਨੀ ਨਾਲ ਗਲਤ ਜਾਣਕਾਰੀ ਦਾ ਸ਼ਿਕਾਰ ਹੋ ਸਕਦੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਾਣਕਾਰੀ ’ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰਨ ਅਤੇ ਅਫਵਾਹਾਂ ਫੈਲਾਉਣ ਤੋਂ ਬਚਣ।





