ਚੰਡੀਗੜ੍ਹ (ਗੁਰਜੀਤ ਬਿੱਲਾ, ਕਿ੍ਰਸ਼ਨ ਗਰਗ)
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਇਥੇ ਐਲਾਨ ਕੀਤਾ ਕਿ ਸੂਬੇ ਦੇ ਕਰ ਵਿਭਾਗ ਦੇ ਜਾਂਚ ਵਿੰਗਾਂ ਨੇ ਚਾਲੂ ਵਿੱਤੀ ਸਾਲ ਦੌਰਾਨ ਜਾਲ੍ਹੀ ਬਿਲਿੰਗ ਜਾਂ ਕਾਗਜ਼ੀ ਲੈਣ-ਦੇਣ ਨਾਲ ਸੰਬੰਧਤ 1549 ਕਰੋੜ ਰੁਪਏ ਦੇ ਲੈਣ-ਦੇਣ ਦਾ ਪਰਦਾ ਫਾਸ਼ ਕਰਦਿਆਂ 108.79 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਇਨਪੁੱਟ ਟੈਕਸ ਕ੍ਰੈਡਿਟ (ਆਈ ਟੀ ਸੀ) ਦਾਅਵਿਆਂ ’ਤੇ ਰੋਕ ਲਗਾ ਦਿੱਤੀ ਹੈ।
ਇੱਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਖੁਲਾਸਾ ਕੀਤਾ ਕਿ ਵਿਭਾਗ ਨੇ ਲੁਧਿਆਣਾ ਵਿੱਚ ਸੋਨੇ ਦੇ ਲੈਣ-ਦੇਣ ਵਿੱਚ 900 ਕਰੋੜ ਰੁਪਏ ਦੇ ਜਾਲ੍ਹੀ ਇਨਵਾਇਸਾਂ ਦਾ ਪਰਦਾ ਫਾਸ਼ ਕਰਕੇ 21 ਕਰੋੜ ਰੁਪਏ ਦੇ ਆਈ ਟੀ ਸੀ ਨੂੰ ਬਲਾਕ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਮੁਹਾਲੀ, ਖਰੜ ਅਤੇ ਕੋਟਕਪੂਰਾ ਵਿੱਚ ਕੋਲੇ ਦੇ ਲੈਣ-ਦੇਣ ਵਿੱਚ 226 ਕਰੋੜ ਰੁਪਏ ਦੇ ਧੋਖਾਧੜੀ ਇਨਵਾਇਸਾਂ ਦਾ ਪਤਾ ਲਗਾਉਣ ਤੋਂ ਬਾਅਦ 12 ਕਰੋੜ ਰੁਪਏ ਦੇ ਆਈ ਟੀ ਸੀ ਨੂੰ ਬਲਾਕ ਕਰ ਦਿੱਤਾ ਗਿਆ। ਇਨਫੋਰਸਮੈਂਟ ਦੀਆਂ ਹੋਰ ਕਾਰਵਾਈਆਂ ਤਹਿਤ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਕੁੱਲ 423 ਕਰੋੜ ਰੁਪਏ ਦੇ ਜਾਲ੍ਹੀ ਲੈਣ-ਦੇਣ ਦਾ ਪਰਦਾ ਫਾਸ਼ ਕਰਕੇ 75.79 ਕਰੋੜ ਰੁਪਏ ਦੇ ਆਈ ਟੀ ਸੀ ਨੂੰ ਬਲਾਕ ਕਰ ਦਿੱਤਾ ਗਿਆ। ਉਨ੍ਹਾ ਕਿਹਾ ਕਿ ਇੱਕ ਹੋਰ ਵੱਡੀ ਕਾਰਵਾਈ ਤਹਿਤ ਕਰ ਵਿਭਾਗ ਦੇ ਅਧਿਕਾਰੀਆਂ ਨੇ ਰਾਂਚੀ ਤੋਂ ਲੁਧਿਆਣਾ ਜਾ ਰਹੇ ਇੱਕ ਵਾਹਨ ਨੂੰ ਰੋਕਿਆ, ਜਿਸ ਵਿੱਚ ਬਿਨਾਂ ਇਨਵਾਇਸ ਦੇ 2 ਕਿਲੋ ਸੋਨਾ ਸੀ, ਸੋਨੇ ਨੂੰ ਜ਼ਬਤ ਕਰਦਿਆਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਨੇ 19 ਮਈ ਨੂੰ ਕੀਤੇ ਗਏ ਇਤਿਹਾਸਕ ਰਾਜਵਿਆਪੀ ਅਪ੍ਰੇਸ਼ਨ ਦਾ ਵੀ ਖੁਲਾਸਾ ਕੀਤਾ। ਉਨ੍ਹਾ ਕਿਹਾ ਕਿ ਇਸ ਅਪ੍ਰੇਸ਼ਨ ਤਹਿਤ ਕੇਂਦਰ ਸਰਕਾਰ ਨਾਲ ਰਜਿਸਟਰਡ 156 ਫਰਮਾਂ ਅਤੇ 39 ਰਾਜ-ਰਜਿਸਟਰਡ ਫਰਮਾਂ ਸਮੇਤ 195 ਜੀ ਐੱਸ ਟੀ-ਰਜਿਸਟਰਡ ਫਰਮਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 423 ਕਰੋੜ ਰੁਪਏ ਦਾ ਫਰਜ਼ੀ ਕਾਗਜ਼ੀ ਲੈਣ-ਦੇਣ ਦਾ ਖੁਲਾਸਾ ਹੋਇਆ ਅਤੇ ਨਤੀਜੇ ਵਜੋਂ 75.79 ਕਰੋੜ ਰੁਪਏ ਦੇ ਆਈ ਟੀ ਸੀ ਨੂੰ ਬਲਾਕ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਫਰਮਾਂ ਲੁਧਿਆਣਾ (100 ਫਰਮਾਂ) ਅਤੇ ਮੰਡੀ ਗੋਬਿੰਦਗੜ੍ਹ (72 ਫਰਮਾਂ) ਵਿੱਚ ਸਥਿਤ ਸਨ।ਜੀ ਐੱਸ ਟੀ ਅਧੀਨ ਪੰਜਾਬ ਦੀਆਂ ਮਹੱਤਵਪੂਰਨ ਇਨਫੋਰਸਮੈਂਟ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਖੁਲਾਸਾ ਕੀਤਾ ਕਿ ਵਿਭਾਗ ਵੱਲੋਂ ਮਹੱਤਵਪੂਰਨ ਗਿ੍ਰਫਤਾਰੀਆਂ ਵੀ ਕੀਤੀਆਂ ਹਨ, ਜਿਸ ਵਿੱਚ ਇੱਕ ਹਾਈ-ਪ੍ਰੋਫਾਈਲ ਕੇਸ ਵੀ ਸ਼ਾਮਲ ਹੈ, ਜਿੱਥੇ ਇੱਕ ਵਿਅਕਤੀ ਨੂੰ 29.50 ਕਰੋੜ ਰੁਪਏ ਦੇ ਜਾਲ੍ਹੀ ਇਨਵਾਇਸਿੰਗ ਅਤੇ ਧੋਖਾਧੜੀ ਵਾਲੇ ਆਈ ਟੀ ਸੀ ਦਾਅਵਿਆਂ ਨਾਲ ਜੁੜੇ ਇੱਕ ਰੈਕੇਟ ਦਾ ਮਾਸਟਰਮਾਈਂਡ ਹੋਣ ਲਈ ਗਿ੍ਰਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਉਕਤ ਫਰਮ ਨੇ ਵਿੱਤੀ ਸਾਲ 2023-24 ਅਤੇ 2024-25 ਵਿੱਚ 60 ਤੋਂ ਵੱਧ ਜਾਲ੍ਹੀ ਅਤੇ ਰੱਦ ਕੀਤੀਆਂ ਫਰਮਾਂ ਤੋਂ 163 ਕਰੋੜ ਰੁਪਏ ਦੀ ਇਨਵਰਡ ਸਪਲਾਈ ਪ੍ਰਾਪਤ ਕੀਤੀ ਸੀ।





