ਤਰਨਤਾਰਨ : ਪੰਜਾਬ ਪੁਲਸ ਨੇ ਪਾਕਿਸਤਾਨ ਅਧਾਰਤ ਤੇ ਆਈ ਐੱਸ ਆਈ ਦੀ ਸਰਪ੍ਰਸਤੀ ਵਾਲੇ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਇੱਕ ਭਾਰਤੀ ਅਪਰੇਟਰ ਨੂੰ ਕਾਬੂ ਕਰਕੇ 85 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਐੱਸ ਐੱਸ ਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਫੜਿਆ ਗਿਆ ਤਸਕਰ ਅਮਰਜੋਤ ਸਿੰਘ ਜੋਤਾ ਸੰਧੂ ਹੈ। ਇਸ ਗਰੋਹ ਦਾ ਸਰਗਨਾ ਇੰਗਲੈਂਡ ਬੈਠਾ ਲਾਲੀ ਹੈ, ਜਿਹੜਾ ਪਾਕਿਸਤਾਨ ਸਥਿਤ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਿਆਂ ਦਾ ਕਾਰੋਬਾਰ ਚਲਾ ਰਿਹਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ’ਤੇ ਇਕ ਪੋਸਟ ਵਿਚ ਦੱਸਿਆ ਜੋਤਾ ਸੰਧੂ ਅੰਮਿ੍ਰਤਸਰ ਜ਼ਿਲ੍ਹੇ ਦੇ ਭਿੱਟੇਵੱਢ ਪਿੰਡ ਦਾ ਰਹਿਣ ਵਾਲਾ ਹੈ। ਉਸਨੇ ਹਾਲ ਹੀ ਵਿੱਚ ਸਰਹੱਦ ਪਾਰਂੋ ਤਸਕਰੀ ਰਾਹੀਂ ਨਸ਼ੀਲੇ ਪਦਾਰਥ ਦੀ ਵੱਡੀ ਖੇਪ ਬਰਾਮਦ ਕੀਤੀ ਸੀ, ਜਿਸ ਨੂੰ ਅਗਾਂਹ ਵੱਖ-ਵੱਖ ਥਾਵਾਂ ’ਤੇ ਸਪਲਾਈ ਕੀਤਾ ਜਾਣਾ ਸੀ। ਉਨ੍ਹਾ ਦੱਸਿਆ ਕਿ ਵੀਰਵਾਰ ਉਸ ਕੋਲੋਂ ਪੰਜ ਕਿੱਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਬਾਅਦ ਵਿੱਚ ਉਸਦੇ ਘਰੋਂ ਵਾਸ਼ਿੰਗ ਮਸ਼ੀਨ ਵਿੱਚੋਂ 40 ਕਿੱਲੋ ਹੋਰ ਹੈਰੋਇਨ ਬਰਾਮਦ ਹੋਈ। ਉਸ ਕੋਲਂੋ ਕੀਤੀ ਹੋਰ ਪੁੱਛਗਿਛ ਦੇ ਅਧਾਰ ’ਤੇ ਪਿੰਡ ਸਰਾਏ ਅਮਾਨਤ ਖਾਨ ਨੇੜੇ ਰੱਖ ਸਰਾਏ ਤੋਂ 40 ਕਿੱਲੋ ਹੋਰ ਹੈਰੋਇਨ ਬਰਾਮਦ ਹੋਈ ਹੈ।




