ਇਜ਼ਰਾਈਲ ਨੇ 64 ਹੋਰ ਫਲਸਤੀਨੀ ਮਾਰੇ

0
80

ਦੀਰ ਅਲ-ਬਲਾਹ (ਗਾਜ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੱਛਮੀ ਏਸ਼ੀਆ ਦੌਰੇ ਦੇ ਖਾਤਮੇ ਦੌਰਾਨ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਗਾਜ਼ਾ ’ਚ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ। ਦੀਰ ਅਲ-ਬਲਾਹ ਦੇ ਬਾਹਰੀ ਇਲਾਕਿਆਂ ਅਤੇ ਖਾਨ ਯੂਨਿਸ ਸ਼ਹਿਰ ਵਿੱਚ ਰਾਤ ਭਰ ਤੋਂ ਲੈ ਕੇ ਸ਼ੁੱਕਰਵਾਰ ਸਵੇਰੇ ਤੱਕ ਹਮਲੇ ਕੀਤੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਜਾਰੀ ਹਮਲਿਆਂ ਵਿਚ 130 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਬਾਲੜੀ ਨਾਲ ਛੇੜਛਾੜ ਦੇ ਦੋਸ਼ ’ਚ ਬਜ਼ੁਰਗ ਗਿ੍ਰਫਤਾਰ
ਵੈਨਕੂਵਰ : ਪੀਲ ਪੁਲਸ ਨੇ 78 ਸਾਲਾ ਹਰਮੋਹਿੰਦਰ ਸਿੰਘ ਨੂੰ 12 ਸਾਲ ਤੋਂ ਘੱਟ ਉਮਰ ਦੀ ਬਾਲੜੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਹੈ। ਪੁਲਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹੋਰ ਬਾਲੜੀਆਂ ਵੀ ਉਸ ਤੋਂ ਪੀੜਤ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਗਈ ਹੈ। ਪੁਲਸ ਅਨੁਸਾਰ ਘਟਨਾ ਬਰੈਂਪਟਨ ਦੇ ਬਰੈਮਲੀ ਅਤੇ ਲਾਰਕਪੁਰ ਚੌਕ ਨੇੜਲੇ ਗਿਰਫਿਨ ਫੈਮਿਲੀ ਪਾਰਕ ਦੀ ਹੈ, ਜਿੱਥੇ ਉਕਤ ਬਜ਼ੁਰਗ ਨੇ ਤਿੰਨ ਮੌਕਿਆਂ ’ਤੇ ਬਾਲੜੀ ਨਾਲ ਸਰੀਰਕ ਛੇੜਛਾੜ ਕੀਤੀ। ਉਸ ਵਿਰੁੱਧ ਅੱਲ੍ਹੜ ਉਮਰ ਦੀ ਬੱਚੀ ਨਾਲ ਗੈਰਮਨੁੱਖੀ ਛੇੜਛਾੜ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਅਗਲੇ ਦਿਨਾਂ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
ਪੁੰਛ ਦੇ ਲੜਾਈ ਪੀੜਤ ਚਾਰ ਸਿੱਖ ਪਰਵਾਰਾਂ ਦੀ ਮਦਦ
ਅੰਮਿ੍ਰਤਸਰ : ਭਾਰਤ-ਪਾਕਿਸਤਾਨ ਲੜਾਈ ਦੌਰਾਨ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਹੋਏ ਹਮਲੇ ’ਚ ਮਾਰੇ ਗਏ ਚਾਰ ਸਿੱਖਾਂ ਦੇ ਪਰਵਾਰਾਂ ਨੂੰ ਸ਼ੁੱਕਰਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਦਿੱਤੇ ਗਏ ਹਨ। ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੱਕ ਵਫਦ ਪੁੰਛ ਵਿਖੇ ਰਾਗੀ ਭਾਈ ਅਮਰੀਕ ਸਿੰਘ ਨਮਿਤ ਭੋਗ ਤੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜਾ ਸੀ। ਪਾਕਿਸਤਾਨੀ ਹਮਲੇ ਸਮੇਂ ਰਣਜੀਤ ਸਿੰਘ, ਰਾਗੀ ਭਾਈ ਅਮਰੀਕ ਸਿੰਘ, ਸਾਬਕਾ ਫੌਜੀ ਅਮਰਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ (ਚਾਰੇ ਵਾਸੀ ਪੁਣਛ) ਦੀ ਮੌਤ ਹੋ ਗਈ ਸੀ। ਜ਼ਖਮੀ ਹੋਣ ਵਾਲੇ ਗੁਰਮੀਤ ਸਿੰਘ ਅਤੇ ਉਸ ਦਾ ਪੁੱਤਰ ਅੰਮਿ੍ਰਤਸਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।