ਮੁਹਾਲੀ (ਗੁਰਜੀਤ ਬਿੱਲਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਇਸ ਵਾਰ ਵੀ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕੁੜੀਆਂ ਨੇ ਹਾਸਲ ਕੀਤੀਆਂ ਹਨ ਅਤੇ ਤਿੰਨਾਂ ਵਿਦਿਆਰਥਣਾਂ ਨੇ 100 ਫੀਸਦੀ ਅੰਕ ਲੈ ਕੇ ਇਤਿਹਾਸ ਰਚਿਆ ਹੈ। ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਅਕਸ਼ਨੂਰ ਪੁੱਤਰੀ ਪਰਜੀਤ ਸਿੰਘ ਨੇ (650/650)100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂਕਿ ਬਾਬਾ ਫਰੀਦ ਪਬਲਿਕ ਛੱਤਿਆਣਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਸ੍ਰੀ ਮੁਕਤਸਰ ਸਾਹਿਬ) ਦੀ ਰਤਿੰਦਰਦੀਪ ਕੌਰ ਪੁੱਤਰੀ ਨਿਰਮਲ ਸਿੰਘ ਨੇ (650/650)100 ਫੀਸਦੀ ਅੰਕਾਂ ਨਾਲ ਦੂਜਾ ਅਤੇ ਰਾਮ ਸਰੂਪ ਮੈਮੋਰੀਅਲ ਸੈਕੰਡਰੀ ਸਕੂਲ ਚੌਂਦਾ (ਮਾਲੇਰਕੋਟਲਾ) ਦੀ ਅਰਸ਼ਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ ਵੀ (650/650)100 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।





