ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਦੇਹਾਂਤ

0
98

ਪਟਿਆਲਾ : ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ (98) ਦਾ ਇੱਥੇ ਘਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕੁਝ ਅਰਸੇ ਤੋਂ ਬਿਮਾਰ ਸਨ। ਉਨ੍ਹਾ ਦਾ ਅੰਤਮ ਸੰਸਕਾਰ 23 ਮਈ ਨੂੰ ਬੀਰ ਜੀ ਸ਼ਮਸ਼ਾਨਘਾਟ, ਰਾਜਪੁਰਾ ਰੋਡ, ਨੇੜੇ ਆਤਮਾ ਰਾਮ ਕੁਮਾਰ ਸਭਾ ਸਕੂਲ ਵਿਖੇ ਸਵੇਰੇ 11.30 ਵਜੇ ਕੀਤਾ ਜਾਵੇਗਾ। ਉਹ ਪਿੱਛੇ ਧਰਮ ਪਤਨੀ ਡਾ. ਗੁਰਸ਼ਰਨ ਕੌਰ ਜੱਗੀ (ਸੇਵਾਮੁਕਤ ਕਾਲਜ ਪਿ੍ਰੰਸੀਪਲ), ਪੁੱਤਰ ਮਾਲਵਿੰਦਰ ਸਿੰਘ ਜੱਗੀ (ਸੇਵਾ-ਮੁਕਤ ਆਈ ਏ ਐੱਸ) ਛੱਡ ਗਏ ਹਨ।
ਡਾ. ਜੱਗੀ ਨੇ 150 ਤੋਂ ਵੱਧ ਕਿਤਾਬਾਂ ਲਿਖੀਆਂ। ਉਨ੍ਹਾ ਨੂੰ ਭਾਰਤ ਸਰਕਾਰ ਨੇ ਪਦਮਸ੍ਰੀ, ਸਾਹਿਤ ਅਕਾਦਮੀ ਨੇ ਕੌਮੀ ਪੁਰਸਕਾਰ, ਪੰਜਾਬ ਸਰਕਾਰ ਨੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਆ। ਡਾ. ਜੱਗੀ ਨੇ ਆਪਣਾ ਸਮੁੱਚਾ ਜੀਵਨ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦਿ੍ਰਸ਼ਟੀਕੋਣਾਂ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤੀ ਲਹਿਰ ਸੰਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਲਈ (ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ) ਸਮਰਪਤ ਕੀਤਾ।
27 ਜੁਲਾਈ 1927 ਨੂੰ ਪੈਦਾ ਹੋਏ ਡਾ. ਜੱਗੀ 1987 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਮੁਕਤ ਹੋਏ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਅਤੇ ਸੰਸਕਿ੍ਰਤ ਦੀ ਗੂੜ੍ਹੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾ ਪੰਜ ਜਿਲਦਾਂ ਵਿੱਚ ਪੰਜਾਬੀ ਤੇ ਹਿੰਦੀ ਵਿੱਚ ‘ਦਸਮ ਗ੍ਰੰਥ ਦਾ ਟੀਕਾ’ ਪੇਸ਼ ਕੀਤਾ। ਡਾ. ਜੱਗੀ ਨੇ 8 ਜਿਲਦਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਪਕ ਟੀਕਾ ਭਾਵ ਪ੍ਰਬੋਧਨੀ ਟੀਕਾ-ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਕੇ ਸਿੱਖ ਧਰਮ ਲਈ ਵੱਡੀ ਸੇਵਾ ਨਿਭਾਈ। ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਪੰਜਾਬ ਨੇ ਉੱਘੇ ਸਿੱਖ ਚਿੰਤਨ, ਗੁਰਬਾਣੀ ਵਿਆਖਿਆਕਾਰ ਅਤੇ ਮਹਾਨ ਸ਼ਖ਼ਸੀਅਤ ਡਾ. ਰਤਨ ਸਿੰਘ ਜੱਗੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪ੍ਰਲੇਸ ਦੇ ਕੌਮੀ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ, ਸੁਵਰਨ ਸਿੰਘ ਵਿਰਕ ਅਤੇ ਸਵਰਾਜਬੀਰ, ਕੌਮੀ ਸਕੱਤਰੇਤ ਮੈਂਬਰ ਅਤੇ ਵਿੱਤ ਸਕੱਤਰ ਡਾ. ਸਰਬਜੀਤ ਸਿੰਘ, ਪ੍ਰਲੇਸ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਾਂਝੇ ਸ਼ੋਕ ਸੁਨੇਹੇ ਵਿਚ ਕਿਹਾ ਕਿ ਕੈਂਬਲਪੁਰ (ਪਾਕਿਸਤਾਨ) ਵਿਚ 1927 ਵਿਚ ਜਨਮੇ ਡਾ. ਰਤਨ ਸਿੰਘ ਜੱਗੀ ਨੇ ਪਿਛਲੀ ਅੱਧੀ ਸਦੀ ਤੋਂ ਮੱਧਕਾਲੀ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਤੌਰ ’ਤੇ ਗੁਰਬਾਣੀ ਚਿੰਤਨ ਤੇ ਸੰਸਥਾਵਾਂ ਤੋਂ ਵੀ ਵੱਡਾ ਕਾਰਜ ਕੀਤਾ ਹੈ। ਗੁਰਬਾਣੀ ਕੋਸ਼ਕਾਰੀ, ਗੁਰਬਾਣੀ ਟੀਕਕਾਰੀ, ਗੁਰਬਾਣੀ ਵਿਆਖਿਆਕਾਰੀ, ਗੁਰਬਾਣੀ ਚਿੰਤਨਕਾਰੀ ਵਿਚ ਰਤਨ ਸਿੰਘ ਜੱਗੀ ਨੇ ਦਿਨ-ਰਾਤ ਕੰਮ ਕੀਤਾ। ਉਹਨਾ ਦੀਆਂ ਪੁਸਤਕਾਂ ਦੀ ਗਿਣਤੀ ਸੌ ਦੇ ਕਰੀਬ ਹੈ, ਜਿਨ੍ਹਾਂ ਵਿਚ ਗੁਰਬਾਣੀ ਦੇ ਟੀਕਿਆਂ ਤੋਂ ਇਲਾਵਾ ਤੁਲਸੀ ਰਮਾਇਣ ਦਾ ਟੀਕਾ, ਪੰਜ ਪੁਰਾਤਨ ਹੱਥ ਲਿਖਤਾਂ ਦਾ ਸੰਪਾਦਨ, ਭਾਈ ਗੁਰਦਾਸ ਦੀਆਂ ਵਾਰਾਂ ਤੇ ਖੋਜ ਕਾਰਜ ਅਤੇ ਖੋਜ ਪੱਤਿ੍ਰਕਾ ਦੇ ਲਗਭਗ 20 ਅੰਕਾਂ ਦਾ ਸੰਪਾਦਨ ਕੀਤਾ।
ਪ੍ਰਸਿੱਧ ਗਲਪਕਾਰ ਕਿਰਪਾਲ ਕਜ਼ਾਕ, ਡਾ. ਪਾਲ ਕੌਰ, ਡਾ. ਗੁਲਜਾਰ ਪੰਧੇਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਡਾ. ਅਰਵਿੰਦਰ ਕਾਕੜਾ ਅਤੇ ਜਸਪਾਲ ਮਾਨਖੇੜਾ, ਰਮੇਸ਼ ਯਾਦਵ, ਤਰਸੇਮ, ਡਾ. ਸੰਤੋਖ ਸੁੱਖੀ, ਸਤਪਾਲ ਭੀਖੀ, ਡਾ. ਹਰਵਿੰਦਰ ਸਿਰਸਾ, ਨਵਤੇਜ ਗੜ੍ਹਦੀਵਾਲਾ, ਕਹਾਣੀਕਾਰ ਦਰਸ਼ਨ ਜੋਗਾ ਤੇ ਹਰੀ ਸਿੰਘ ਜਾਚਕ ਨੇ ਕਿਹਾ ਕਿ ਉਹਨਾ ਦਾ ਕਾਰਜ ਕਿਸੇ ਲੰਮੀ ਸਾਧਨਾ ਵਰਗਾ ਹੈ।
ਇਸ ਵਰ੍ਹਿਆਂਬੱਧੀ ਸਾਧਨਾ ਦੀ ਬਦੌਲਤ ਉਹਨਾ ਨੂੰ ਸਾਹਿਤ ਅਕਾਦਮ, ਦਿੱਲੀ ਦਾ ਰਾਸ਼ਟਰੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਠ ਪੁਸਤਕਾਂ ਉੱਤੇ ਸਰਵੋਤਮ ਪੁਰਸਕਾਰ, ਇਕ ਪੁਸਤਕ ਉੱਤੇ ਹਰਿਆਣਾ ਸਰਕਾਰ ਵੱਲੋਂ ਪ੍ਰਥਮ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਅਜਿਹੇ ਮਹਾਨ ਵਿਦਵਾਨ ਅਤੇ ਕਲਮ ਦੇ ਸਿਰੜੀ ਯੋਧੇ ਦੇ ਅਕਾਲ ਚਲਾਣੇ ਨਾਲ ਪੰਜਾਬੀ ਚਿੰਤਨ, ਖੋਜ, ਆਲੋਚਨਾ ਅਤੇ ਸੰਪਾਦਨ ਨੂੰ ਵੱਡਾ ਘਾਟਾ ਪਿਆ ਹੈ। ਉਹਨਾ ਦਾ ਜੀਵਨ ਅਤੇ ਵਿਅਕਤਿਤਵ ਆਉਣ ਵਾਲੇ ਯੁੱਗਾਂ ਲਈ ਹਮੇਸ਼ਾ ਰਾਹ-ਦਸੇਰਾ ਰਹੇਗਾ।ਅਦਾਰਾ ਪ੍ਰਲੇਸ ਉਹਨਾ ਦੇ ਦੇਹਾਂਤ ’ਤੇ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰਦਾ ਹੋਇਆ ਉਹਨਾ ਦੇ ਕਾਰਜਾਂ ਪ੍ਰਤੀ ਨਤਮਸਤਕ ਹੁੰਦਾ ਹੈ।