ਮੁੰਬਈ : ਸੋਮਵਾਰ ਮੁੰਬਈ ਵਿੱਚ ਮਾਨਸੂਨ ਦੇ ਪਹਿਲੇ ਮੀਂਹ ਨੇ 107 ਸਾਲ ਦਾ ਰਿਕਾਰਡ ਤੋੜ ਦਿੱਤਾ। ਮੌਸਮ ਵਿਭਾਗ ਮੁਤਾਬਕ ਐਤਵਾਰ ਅੱਧੀ ਰਾਤ ਤੋਂ ਸੋਮਵਾਰ ਸਵੇਰੇ 11 ਵਜੇ ਤੱਕ 295 ਮਿਲੀਮੀਟਰ ਤੋਂ ਵੱਧ ਮੀਂਹ ਪੈ ਚੁੱਕਾ ਸੀ। ਮਈ 1918 ਵਿੱਚ 279.4 ਮਿਲੀਮੀਟਰ ਮੀਂਹ ਪਿਆ ਸੀ। ਮੁੰਬਈ ਵਿੱਚ ਮਾਨਸੂਨ 75 ਸਾਲ ਦਾ ਰਿਕਾਰਡ ਤੋੜਦਿਆਂ 16 ਦਿਨ ਪਹਿਲਾਂ ਆ ਗਈ ਹੈ। ਆਮ ਤੌਰ ’ਤੇ 11 ਜੂਨ ਨੂੰ ਆਉਦੀ ਹੁੰਦੀ ਹੈ। ਉਧਰ ਕਰਨਾਟਕ ਦੇ ਸਾਹਿਲੀ ਇਲਾਕਿਆਂ ਵਿੱਚ ਸੋਮਵਾਰ ਲਗਾਤਾਰ ਤੀਜੇ ਦਿਨ ਮਾਨਸੂਨ ਦਾ ਕਾਫੀ ਮੀਂਹ ਪਿਆ। ਇਸ ਨਾਲ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਅਧਿਕਾਰੀਆਂ ਨੂੰ ਅਗਲੇ ਪੰਜ ਦਿਨਾਂ ਲਈ ਰੈੱਡ ਅਲਰਟ ਜਾਰੀ ਕਰਨਾ ਪਿਆ। ਰੈੱਡ ਅਲਰਟ ਦਾ ਮਤਲਬ ਹੈ ਕਿ 24 ਘੰਟਿਆਂ ਵਿੱਚ 20 ਘੰਟੇ ਮੀਂਹ ਪੈਂਦਾ ਰਹੇਗਾ। ਮੇਂਗਲੁਰੂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ।



