ਸ਼ਾਹਕੋਟ (ਗਿਆਨ ਸੈਦਪੁਰੀ)
ਕੇਂਦਰੀ ਟਰੇਡ ਯੂਨੀਅਨ ਵੱਲੋਂ ਬੁਲਾਈ ਗਈ 20 ਮਈ ਦੀ ਦੇਸ਼ ਵਿਆਪੀ ਆਮ ਹੜਤਾਲ ਪਹਿਲਗਾਮ ਹਮਲੇ ਅਤੇ ਅਪਰੇਸ਼ਨ ‘ਸਿੰਧੂਰ’ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਮੁਲਤਵੀ ਕਰਕੇ 9 ਜੁਲਾਈ ਨੂੰ ਹੜਤਾਲ ਕਰਨ ਦਾ ਦਿਨ ਮਿਥਿਆ ਸੀ। ਇਸ ਸਬੰਧ ਵਿੱਚ ਵੱਖ-ਵੱਖ ਖੇਤੀਬਾੜੀ ਅਤੇ ਪੇਂਡੂ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨਵੀਂ ਦਿੱਲੀ ਵਿਖੇ ਹੋਈ। ਮੀਟਿੰਗ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਤੇ ਕਾਮਰੇਡ ਵਿਜੇਂਦਰ ਸਿੰਘ ਨਿਰਮਲ, ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ ਵੱਲੋਂ ਸਾਥੀ ਬੀ ਵੈਂਕਟ ਤੇ ਡਾਕਟਰ ਵਿਕਰਮ ਸਿੰਘ ‘ਏਰਲਾ’ ਵੱਲੋਂ ਕਾਮਰੇਡ ਨਿਵਾਸ਼ ਤੇ ਪ੍ਰਸੰਨਜੀਤ ਕੁਮਾਰ ਅਤੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਅਸਿਤ ਗਾਂਗਲੀ ਸ਼ਾਮਿਲ ਹੋਏ। ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ 9 ਜੁਲਾਈ ਦੀ ਹੜਤਾਲ ਦੀ ਪੂਰਨ ਹਮਾਇਤ ਕਰਨ ਦਾ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ। ਇਹ ਹੜਤਾਲ ਨਿੱਜੀਕਰਨ ਅਤੇ ਚਾਰ ਲੇਬਰ ਕੋਡਜ਼ ਦੇ ਵਿਰੁੱਧ ਕੀਤੀ ਜਾ ਰਹੀ ਹੈ। ਹੜਤਾਲ ਦੇ ਹਿੱਸੇ ਵਜੋਂ ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਦੇਸ਼ ਦੇ ਸਾਰੇ ਰਾਜਾਂ ਨੂੰ ਜਾਣਕਾਰੀ ਦੇਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਥੇਬੰਦੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਆਪੋ ਆਪਣੇ ਰਾਜਾਂ ਵਿੱਚ ਹੜਤਾਲ ਦਾ ਸਮਰਥਨ ਕੀਤਾ ਜਾਵੇ। ਪਿੰਡ, ਤਹਿਸੀਲ ਅਤੇ ਸਬ ਡਵੀਜ਼ਨ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣ।ਵੱਖ-ਵੱਖ ਖੇਤੀਬਾੜੀ ਅਤੇ ਪੇਂਡੂ ਮਜ਼ਦੂਰ ਜਥੇਬੰਦੀਆਂ ਦੀਆਂ ਸਾਰੀਆਂ ਸੂਬਾ ਇਕਾਈਆਂ ਨੂੰ ਹੜਤਾਲ ਦੇ ਹਿੱਸੇ ਵਜੋਂ ਹੋਣ ਵਾਲੀਆਂ ਸਰਗਰਮੀਆਂ ਬਾਰੇ ਚਰਚਾ ਕਰਨ ਲਈ ਤਾਲਮੇਲ ਮੀਟਿੰਗਾਂ ਕਰਨ ਲਈ ਆਖਿਆ ਗਿਆ ਹੈ।ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਤਾਮਿਲਨਾਡੂ, ਪਾਂਡੀਚਰੀ ਅਤੇ ਮੱਧ ਪ੍ਰਦੇਸ਼ ਵਿੱਚ ਤਾਲਮੇਲ ਮੀਟਿੰਗਾਂ ਕਰਵਾਏਗੀ। ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ ਇਹ ਮੀਟਿੰਗਾਂ ਤਿ੍ਰਪਰਾ, ਪੱਛਮੀ ਬੰਗਾਲ, ਅਸਾਮ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਕਰਵਾਏਗੀ। ਇਸੇ ਤਰ੍ਹਾਂ ‘ਏਰਲਾ’ ਵੱਲੋਂ ਬਿਹਾਰ, ਉੜੀਸਾ ਅਤੇ ਝਾਰਖੰਡ ਵਿੱਚ ਤਾਲਮੇਲ ਮੀਟਿੰਗਾਂ ਕਰਵਾਈਆਂ ਜਾਣਗੀਆਂ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਸ ਹੜਤਾਲ ਦੇ ਮੰਤਵ ਵਿੱਚ ਹਿੰਦੂਤਵ ਦਾ ਵਿਰੋਧ ਵੀ ਸ਼ਾਮਲ ਹੈ।





