ਕਰਨਾਟਕ ’ਚ ਵਿਦਿਆਰਥੀ ਮਾਸਕ ਪਾ ਕੇ ਸਕੂਲ ਪੁੱਜੇ

0
131

ਬੇਂਗਲੁਰੂ : ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਕਰਨਾਟਕ ਭਰ ਦੇ ਸਕੂਲ ਮੁੜ ਖੁੱਲ੍ਹ ਗਏ। ਇਸ ਦੌਰਾਨ ਸੂਬੇ ਵਿੱਚ ’ਚ ਕੋਵਿਡ-19 ਮਾਮਲਿਆਂ ਦੇ ਵਾਧੇ ਵਿਚਕਾਰ ਬੇਂਗਲੁਰੂ ਦੇ ਸਕੂਲਾਂ ਵਿੱਚ ਵਿਦਿਆਰਥੀ ਸਾਵਧਾਨੀ ਵਜੋਂ ਮਾਸਕ ਪਾਏ ਨਜ਼ਰ ਆਏ। ਰਾਜ ਭਰ ਦੇ ਹੋਰਨਾਂ ਕਈ ਸਕੂਲਾਂ ਵਿੱਚ ਵਿਦਿਆਰਥੀ, ਅਧਿਆਪਕ ਅਤੇ ਗੈਰ-ਅਧਿਆਪਨ ਸਟਾਫ ਮਾਸਕ ਪਹਿਨੇ ਹੋਏ ਸਨ ਅਤੇ ਗੱਲਬਾਤ ਦੌਰਾਨ ਦੂਰੀ ਬਣਾਈ ਰੱਖੀ ਹੋਈ ਸੀ। ਇੱਥੋਂ ਤੱਕ ਕਿ ਵਿਦਿਆਰਥੀਆਂ ਦੇ ਨਾਲ ਸਕੂਲ ਜਾਣ ਵਾਲੇ ਮਾਪਿਆਂ ਨੂੰ ਵੀ ਮਾਸਕ ਪਹਿਨੇ ਹੋਏ ਦੇਖਿਆ ਗਿਆ। ਕਰਨਾਟਕ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਇੱਕ ਸਰਕੂਲਰ ਵਿੱਚ ਮਾਪਿਆਂ ਨੂੰ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਬੁਖਾਰ, ਖੰਘ, ਜ਼ੁਕਾਮ ਅਤੇ ਹੋਰ ਲੱਛਣ ਹਨ ਤਾਂ ਉਹ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ।
ਰੀਲ ਦੇ ਚੱਕਰ ’ਚ ਜਾਨ ਗੁਆਈ
ਅੰਬਾਲਾ : ਦਸਵੀਂ ਜਮਾਤ ਦਾ ਵਿਦਿਆਰਥੀ ਅਕੀਲ ਐਤਵਾਰ ਦੁਪਹਿਰ ਮਲੌਰ ਹੈੱਡ ’ਤੇ ਐੱਸ ਵਾਈ ਐੱਲ ਨਹਿਰ ਵਿੱਚ ਛਾਲ ਮਾਰਦੇ ਰੀਲ ਬਣਾਉਣ ਦੇ ਚੱਕਰ ’ਚ ਜਾਨ ਗੁਆ ਬੈਠਾ। ਉਸ ਦੇ ਦੋਸਤ ਉਸ ਦੀ ਨਹਿਰ ਵਿੱਚ ਛਾਲ ਮਾਰਦੇ ਦੀ ਰੀਲ ਬਣਾ ਰਹੇ ਸਨ। ਛਾਲ ਮਾਰਨ ਤੋਂ ਬਾਅਦ ਜਦੋਂ ਅਕੀਲ ਕੁਝ ਦੇਰ ਬਾਹਰ ਨਾ ਨਿਕਲਿਆ ਤਾਂ ਦੋਸਤ ਡਰ ਗਏ ਅਤੇ ਅਕੀਲ ਦੇ ਪਰਵਾਰ ਨੂੰ ਸੂਚਿਤ ਕੀਤਾ। ਉਸ ਦੀ ਲਾਸ਼ ਰਾਤ 8 ਵਜੇ ਦੇ ਕਰੀਬ ਮਿਲੀ।
ਬੱਸ ਸਬਜ਼ੀ ਮੰਡੀ ’ਚ ਵੜੀ
ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)
ਸ਼ਹਿਰ ਦੇ ਚੁਨਾਗਰਾ ਰੋਡ ’ਤੇ ਸੋਮਵਾਰ ਸਵੇਰ ਸਮੇਂ ਸਬਜ਼ੀ ਮੰਡੀ ਵਿੱਚ ਇੱਕ ਸਕੂਲ ਬੱਸ ਇੱਕ ਰੇਹੜੀ ਨਾਲ ਟਕਰਾ ਕੇ ਭੀੜ ਵੱਲ ਚਲੀ ਗਈ। ਬੱਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦੋਂ ਕਿ ਕੁਝ ਦੇ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।