ਨਾਂਅ ਦੇ ਸਿਤਾਰੇ

0
152

ਹਾਲੀਵੁੱਡ ਦੀ ਰਾਣੀ ਵਜੋਂ ਮਸ਼ਹੂਰ ਮੈਰਿਲ ਸਟਿ੍ਰਪ ਨੇ 8 ਜਨਵਰੀ 2017 ਨੂੰ ਗੋਲਡਨ ਗਲੋਬ ਐਵਾਰਡਜ਼ ਵਿੱਚ ਸੇਸਿਲ ਬੀ ਡੈਮਿਲ ਐਵਾਰਡ ਹਾਸਲ ਕਰਨ ਵੇਲੇ ਉਦੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਦਿਵਿਆਂਗ ਪੱਤਰਕਾਰ ਦਾ ਮਜ਼ਾਕ ਉਡਾਉਣ ਦਾ ਜ਼ਿਕਰ ਕਰਦਿਆਂ ਕਿਹਾ ਸੀ, ‘ਜਦ ਸ਼ਕਤੀਸ਼ਾਲੀ ਲੋਕ ਆਪਣੀ ਸਥਿਤੀ ਦੀ ਦੁਰਵਰਤੋਂ ਕਰਦੇ ਹਨ ਤਾਂ ਉਹ ਸਾਨੂੰ ਸਭ ਨੂੰ ਨੀਵਾਂ ਦਿਖਾਉਦੇ ਹਨ। ਹਾਲੀਵੁੱਡ ਵਿੱਚ ਵਿਦੇਸ਼ੀ ਤੇ ਬਾਹਰੀ ਲੋਕ ਹਨ ਤੇ ਜੇ ਅਸੀਂ ਉਨ੍ਹਾਂ ਨੂੰ ਬਾਹਰ ਕੱਢ ਦੇਈਏ ਤਾਂ ਸਾਡੇ ਕੋਲ ਫੁੱਟਬਾਲ ਤੇ ਮਾਰਸ਼ਲ ਆਰਟਸ ਦੇ ਇਲਾਵਾ ਕੁਝ ਨਹੀਂ ਬਚੇਗਾ।’ ਇਸ ਭਾਸ਼ਣ ਦੀ ਦੁਨੀਆ ਪੱਧਰ ’ਤੇ ਕਾਫੀ ਚਰਚਾ ਹੋਈ ਸੀ। ਟਰੰਪ ਨੇ ਸਟਿ੍ਰਪ ਨੂੰ ਓਵਰਰੇਟਡ ਤੇ ਹੰਕਾਰੀ ਕਿਹਾ ਸੀ, ਜਿਸ ਦੇ ਜਵਾਬ ਵਿੱਚ ਸਟਿ੍ਰਪ ਨੇ ਕਿਹਾ, ‘ਹਾਂ, ਮੈਂ ਹੰਕਾਰੀ ਹਾਂ।’
ਭਾਰਤੀ ਸਿਤਾਰੇ ਸਟਿ੍ਰਪ ਵਰਗੇ ਨਹੀਂ। ‘ਅਪ੍ਰੇਸ਼ਨ ਸਿੰਧੂਰ’ ’ਤੇ ਉਹ ਕੁਝ ਵੀ ਬੋਲਣ ਤੋਂ ਬਚਦੇ ਹੀ ਨਜ਼ਰ ਆ ਰਹੇ ਹਨ। ਇਸ ਦਾ ਕਾਰਨ ਗੀਤਕਾਰ ਜਾਵੇਦ ਅਖਤਰ ਨੇ ਇਹ ਦੱਸਿਆ ਹੈ ਕਿ ਉਹ ਈ ਡੀ, ਸੀ ਬੀ ਆਈ ਤੇ ਇਨਕਮ ਟੈਕਸ ਵਾਲਿਆਂ ਦੇ ਛਾਪਿਆਂ ਤੋਂ ਡਰਦੇ ਹਨ।
ਅਜਿਹਾ ਵੀ ਨਹੀਂ ਹੈ ਕਿ ਭਾਰਤੀ ਫਿਲਮੀ ਸਿਤਾਰੇ ਵੱਖ-ਵੱਖ ਮੁੱਦਿਆਂ ’ਤੇ ਬੋਲਦੇ ਨਹੀਂ ਰਹੇ। ਉਹ ਸਮਾਜੀ ਤੇ ਸਿਆਸੀ ਮੁੱਦਿਆਂ ’ਤੇ ਖੁੱਲ੍ਹ ਕੇ ਟਿੱਪਣੀਆਂ ਕਰਦੇ ਰਹੇ ਹਨ। ਆਜ਼ਾਦੀ ਤੋਂ ਬਾਅਦ ਗਰੀਬਾਂ ਨੂੰ ਤਰੱਕੀ ਦਾ ਲਾਭ ਨਾ ਮਿਲਣ ਤੇ ਉਨ੍ਹਾਂ ਦਾ ਸ਼ੋਸ਼ਣ ਜਾਰੀ ਰਹਿਣ ’ਤੇ ਉਨ੍ਹਾਂ ਬਹੁਤ ਫਿਲਮਾਂ ਬਣਾਈਆਂ। ਰਾਜ ਕਪੂਰ ਦੀ ਆਵਾਰਾ (1951) ਨੇ ਗਰੀਬੀ, ਸਮਾਜੀ ਨਾਬਰਾਬਰੀ ਤੇ ਨਿਆਂ ਵਿਵਸਥਾ ਦੀਆਂ ਖਾਮੀਆਂ ’ਤੇ ਸਵਾਲ ਉਠਾਏ। ਫਿਲਮ ਦਾ ਗੀਤ ‘ਆਵਾਰਾ ਹੂੰ’ ਸਮਾਜੀ ਬਾਈਕਾਟ ਦਾ ਪ੍ਰਤੀਕ ਬਣਿਆ। ਬਿਮਲ ਰਾਇ ਦੀ ‘ਦੋ ਬੀਘਾ ਜ਼ਮੀਨ’ (1953) ਨੇ ਇੱਕ ਗਰੀਬ ਕਿਸਾਨ ਦੀ ਤ੍ਰਾਸਦੀ ਦਿਖਾਈ, ਜਿਹੜਾ ਜ਼ਮੀਨ ਬਚਾਉਣ ਲਈ ਸ਼ਹਿਰ ਵਿੱਚ ਮਜ਼ਦੂਰ ਬਣਦਾ ਹੈ। ਇਹ ਸਰਕਾਰੀ ਨੀਤੀਆਂ ਦੀ ਉਦਾਸੀਨਤਾ ’ਤੇ ਵਾਰ ਸੀ। ਗੁਰੂਦੱਤ ਦੀ ‘ਪਿਆਸਾ’ (1957) ਨੇ ਰਾਜ ਤੇ ਸਮਾਜ ਵਿੱਚ ਬੇਚੈਨੀ ਭਰ ਦਿੱਤੀ ਸੀ। ਇਸ ਫਿਲਮ ਵਿੱਚ ਸਾਹਿਰ ਲੁਧਿਆਣਵੀ ਦੇ ਗੀਤ ‘ਜਿਨਹੇਂ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ? ’ ਨੇ ਆਜ਼ਾਦੀ ਦੇ ਬਾਅਦ ਦੀ ਨਿਰਾਸ਼ਾ ਤੇ ਸਰਕਾਰ ਦੀਆਂ ਨਾਕਾਮੀਆਂ ’ਤੇ ਤਿੱਖਾ ਸਵਾਲ ਉਠਾਇਆ। ਐੱਮ ਐੱਸ ਸੱਥਯੂ ਦੀ ਵੰਡ ਦੇ ਪਿਛੋਕੜ ਵਾਲੀ ਫਿਲਮ ‘ਗਰਮ ਹਵਾ’ (1973) ਨੇ ਮੁਸਲਮ ਭਾਈਚਾਰੇ ਦੇ ਮਨੋਭਾਵ ਤੇ ਸਮੱਸਿਆਵਾਂ ਦਾ ਬਰੀਕ ਵਿਸ਼ਲੇਸ਼ਣ ਕਰਦਿਆਂ ਉਨ੍ਹਾਂ ਨੂੰ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਰਾਹ ਦਿਖਾਇਆ। ਸ਼ਿਆਮ ਬੈਨੇਗਲ ਦੀ ‘ਮੰਥਨ’ (1976) ਨੇ ਪੇਂਡੂ ਭਾਰਤ ਵਿੱਚ ਸਹਿਕਾਰੀ ਅੰਦੋਲਨ ਤੇ ਸਰਕਾਰੀ ਉਦਾਸੀਨਤਾ ਨੂੰ ਉਜਾਗਰ ਕੀਤਾ। 1983 ਵਿੱਚ ਬੀ ਆਰ ਚੋਪੜਾ ਵੱਲੋਂ ਬਣਾਈ ਗਈ ਫਿਲਮ ‘ਮਜ਼ਦੂਰ’ ਨੇ ਸਨਅਤੀ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਉਜਾਗਰ ਕੀਤਾ। ਇਸ ਫਿਲਮ ਵਿੱਚ ਫੈਜ਼ ਅਹਿਮਦ ਫੈਜ਼ ਤੇ ਹਸਨ ਕਮਾਲ ਦਾ ਗੀਤ ਸੀ ‘ਹਮ ਮਿਹਨਤਕਸ਼ ਜਗ ਵਾਲੋਂ ਸੇ ਜਬ ਅਪਨਾ ਹਿੱਸਾ ਮਾਂਗੇਂਗੇ, ਇੱਕ ਬਾਗ ਨਹੀਂ, ਇੱਕ ਦੇਸ਼ ਨਹੀਂ, ਹਮ ਸਾਰੀ ਦੁਨੀਆ ਮਾਂਗੇਂਗੇ,’ ਅੱਜ ਅਜਿਹੇ ਗੀਤ ਨੂੰ ਅਰਬਨ ਨਕਸਲ ਕਰਾਰ ਦਿੱਤਾ ਜਾਣਾ ਸੀ। ਉਹ ਅਜਿਹਾ ਦੌਰ ਸੀ, ਜਦੋਂ ਬਲਰਾਜ ਸਾਹਨੀ, ਕੈਫੀ ਆਜ਼ਮੀ, ਖਵਾਜਾ ਅਹਿਮਦ ਅੱਬਾਸ, ਏ ਕੇ ਹੰਗਲ ਤੇ ਸ਼ੈਲੇਂਦਰ ਵਰਗੇ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਸਨ ਤੇ ਕਲਾ ਨੂੰ ਅਲੋਚਨਾ ਦਾ ਜ਼ਰੀਆ ਸਮਝਦੇ ਸਨ।
ਇਨ੍ਹਾਂ ਤੋਂ ਬਾਅਦ ਅਮਿਤਾਭ ਬੱਚਨ, ਸ਼ਤਰੂਘਨ ਸਿਨਹਾ, ਰਾਜੇਸ਼ ਖੰਨਾ, ਵਿਨੋਦ ਖੰਨਾ, ਧਰਮਿੰਦਰ, ਗੋਵਿੰਦਾ ਤੇ ਪਰੇਸ਼ ਰਾਵਲ ਵਰਗੇ ਸੰਸਦ ਦੇ ਮੈਂਬਰ ਵੀ ਬਣੇ, ਪਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਤੇ ਲੋਕਾਂ ਦੇ ਹੱਕ ਵਿੱਚ ਖੁੱਲ੍ਹ ਕੇ ਨਹੀਂ ਬੋਲੇ, ਬੱਸ ਸ਼ੋਅ ਪੀਸ ਹੀ ਬਣੇ ਰਹੇ। 2014 ਵਿੱਚ ਮੋਦੀ ਰਾਜ ਸ਼ੁਰੂ ਹੋਣ ਤੋਂ ਬਾਅਦ ਉਹ ਸਿਤਾਰਾ ਹੀ ਬੋਲਦਾ ਹੈ, ਜਿਸ ਨੇ ਸਰਕਾਰ ਦੀ ਤਾਰੀਫ ਕਰਨੀ ਹੁੰਦੀ ਹੈ। ਕੰਗਣਾ ਰਣੌਤ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਆਜ਼ਾਦੀ ਹੀ 2014 ਵਿੱਚ ਮਿਲੀ। ‘ਦੀ ਕਸ਼ਮੀਰ ਫਾਈਲਜ਼’ (2022) ਤੇ ‘ਦੀ ਕੇਰਲ ਸਟੋਰੀ’ (2023) ਵਰਗੀਆਂ ਨਫਰਤ-ਭਰਪੂਰ ਫਿਲਮਾਂ ਨੂੰ ਸਰਕਾਰ ਬੜ੍ਹਾਵਾ ਦੇ ਰਹੀ ਹੈ, ਜਦਕਿ ਜਿਓਤੀਬਾ ਫੂਲੇ ਦੇ ਜੀਵਨ ’ਤੇ ਬਣੀ ਫਿਲਮ ਦਾ ਸੈਂਸਰ ਨੇ ਸਾਹ-ਸਤ ਕੱਢ ਦਿੱਤਾ। ਇਸ ਦਾ ਫਿਲਮੀ ਸਿਤਾਰਿਆਂ ਨੇ ਵੀ ਖਾਸ ਵਿਰੋਧ ਨਹੀਂ ਕੀਤਾ। ਤਾਂ ਵੀ, ਇਹ ਦੇਖ ਕੇ ਕੁਝ ਸਕੂਨ ਮਿਲਦਾ ਹੈ ਕਿ ਦੱਖਣ ਦਾ ਪ੍ਰਕਾਸ਼ ਰਾਜ ਵਰਗਾ ਇੱਕ ਸਿਤਾਰਾ ਹੈ, ਜਿਹੜਾ ਸਾਨ੍ਹ ਨੂੰ ਸਿੰਗ ਤੋਂ ਫੜਨ ਦਾ ਹੌਸਲਾ ਰੱਖਦਾ ਹੈ। ਉਸ ਨੇ ਪਿਛਲੇ ਦਿਨੀਂ ਐੱਕਸ ’ਤੇ ਇੱਕ ਕਾਰਟੂਨ ਸ਼ੇਅਰ ਕੀਤਾ, ਜਿਸ ਵਿੱਚ ‘ਸਿੰਧੂਰ ਡੋਨੇਸ਼ਨ ਕੈਂਪ’ ਨੂੰ ‘ਬਲੱਡ ਡੋਨੇਸ਼ਨ ਕੈਂਪ’ ਦੀ ਥਾਂ ਦਿਖਾਇਆ ਗਿਆ ਅਤੇ ਲਿਖਿਆ : ‘ਕੁਝ ਨਹੀਂ, ਬਸ ਨਸਾਂ ਵਿੱਚ ਚੋਣ ਹੀ ਦੌੜ ਰਹੀ ਹੈ।’ ਇਹ ਸਿੱਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀ ਸੀ, ਜਿਨ੍ਹਾ ਕਿਹਾ ਸੀ, ‘ਮੇਰੀਆਂ ਨਸਾਂ ਵਿੱਚ ਗਰਮ ਸਿੰਧੂਰ ਵਹਿ ਰਿਹਾ ਹੈ।’