ਮੁੰਬਈ : ਰਿਜ਼ਰਵ ਬੈਂਕ ਵੱਲੋਂ ਕਰੰਸੀ ਵਾਪਸ ਲੈਣ ਦੇ ਐਲਾਨ ਤੋਂ ਦੋ ਸਾਲਾਂ ਬਾਅਦ ਵੀ 2000 ਰੁਪਏ ਦੇ ਨੋਟਾਂ ਵਾਲੀ 6,181 ਕਰੋੜ ਰੁਪਏ ਰਾਸ਼ੀ ਅਜੇ ਪ੍ਰਚਲਨ ’ਚ ਮੌਜੂਦ ਹੈ। ਹਾਲਾਂਕਿ, 2000 ਰੁਪਏ ਦੇ ਨੋਟ ਹੁਣ ਵੀ ਕਾਨੂੰਨੀ ਟੈਂਡਰ ਬਣੇ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਨੇ ਸਾਲ 2023 ਵਿੱਚ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਪ੍ਰਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਬੈਂਕ ਨੇ ਕਿਹਾ ਕਿ 19 ਮਈ 2023 ਨੂੰ 2000 ਰੁਪਏ ਦੇ ਨੋਟਾਂ ਦੀ ਕੁੱਲ 3.56 ਲੱਖ ਕਰੋੜ ਰਾਸ਼ੀ ਪ੍ਰਚਲਨ ਵਿੱਚ ਸੀ। ਹਾਲਾਂਕਿ 31 ਮਈ, 2025 ਨੂੰ ਕਾਰੋਬਾਰੀ ਸਾਲ ਦੇ ਅੰਤ ’ਚ ਇਹ ਰਕਮ ਘਟ ਕੇ 6,181 ਕਰੋੜ ਰੁਪਏ ਰਹਿ ਗਈ। ਹੁਣ ਤੱਕ 2000 ਰੁਪਏ ਦੇ 98.26 ਫੀਸਦੀ ਨੋਟ ਵਾਪਸ ਕਰ ਦਿੱਤੇ ਗਏ ਹਨ। ਅਜਿਹੇ ਨੋਟਾਂ ਨੂੰ ਜਮ੍ਹਾਂ ਕਰਨ ਜਾਂ ਐਕਸਚੇਂਜ ਕਰਨ ਦੀ ਸਹੂਲਤ 7 ਅਕਤੂਬਰ, 2023 ਤੱਕ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਉਪਲੱਬਧ ਸੀ।
ਹਾਲਾਂਕਿ, ਇਹ ਸਹੂਲਤ ਅਜੇ ਵੀ ਰਿਜ਼ਰਵ ਬੈਂਕ ਦੇ 19 ਦਫਤਰਾਂ ਵਿੱਚ ਉਪਲੱਬਧ ਹੈ।
9 ਅਕਤੂਬਰ 2023 ਤੋਂ ਰਿਜ਼ਰਵ ਬੈਂਕ ਵੱਲੋਂ ਨਾਮਜ਼ਦ ਦਫਤਰੀ ਵਿਅਕਤੀ ਅਤੇ ਸੰਸਥਾਵਾਂ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਲਈ 2000 ਰੁਪਏ ਦੇ ਨੋਟ ਵੀ ਸਵੀਕਾਰ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕ ਦੇਸ਼ ਦੇ ਅੰਦਰ ਕਿਸੇ ਵੀ ਡਾਕਘਰ ਤੋਂ ਆਪਣੇ ਬੈਂਕ ਖਾਤਿਆਂ ਵਿੱਚ ਕ੍ਰੈਡਿਟ ਲਈ ਇੰਡੀਆ ਪੋਸਟ ਰਾਹੀਂ 2000 ਰੁਪਏ ਦੇ ਨੋਟ ਰਿਜ਼ਰਵ ਬੈਂਕ ਵੱਲੋਂ ਨਾਮਜ਼ਦ ਦਫਤਰਾਂ ਵਿੱਚੋਂ ਕਿਸੇ ਨੂੰ ਵੀ ਭੇਜ ਸਕਦੇ ਹਨ।




