ਹੈਦਰਾਬਾਦ : ਤਿਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ ਦੇ ਚਟਲਾਪੱਲੀ ਪਿੰਡ ਵਿੱਚ ਨਿੱਕੇ ਕਿਸਾਨ ਪਿਓ ਵੱਲੋਂ ਲਗਜ਼ਰੀ ਕਾਰ ਨਾ ਦਿਵਾ ਸਕਣ ਕਾਰਨ 21 ਸਾਲਾ ਪੁੱਤ ਨੇ 30 ਮਈ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਨੌਜਵਾਨ ਗੁੱਸੇ ਵਿੱਚ ਕੀੜੇਮਾਰ ਦਵਾਈ ਪੀ ਕੇ ਘਰ ਆਇਆ ਅਤੇ ਮਾਪਿਆਂ ਨੂੰ ਦੱਸਿਆ ਕਿ ਉਸ ਨੇ ਇਹ ਸਿਰੇ ਦਾ ਕਦਮ ਚੁੱਕਿਆ ਹੈ। ਉਸ ਦੀ 31 ਮਈ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਹ ਵੀ ਦੱਸਿਆ ਜਾਂਦਾ ਹੈ ਕਿ ਨੌਜਵਾਨ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਤੇ ਸ਼ਰਾਬ ਦਾ ਆਦੀ ਸੀ। ਉਸ ਦੀ ਮਾਨਸਿਕ ਸਥਿਤੀ ਸਥਿਰ ਨਹੀਂ ਸੀ। ਜਗਦੇਵਪੁਰ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਮਾਪਿਆਂ ਨਾਲ ਝਗੜਦਾ ਰਹਿੰਦਾ ਸੀ ਅਤੇ ਇੱਕ ਆਧੁਨਿਕ ਘਰ ਤੇ ਲਗਜ਼ਰੀ ਕਾਰ ਸਮੇਤ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਦਾ ਸੀ। ਉਸ ਦੇ ਮਾਪਿਆਂ ਕੋਲ ਮਹਿਜ਼ ਦੋ ਏਕੜ ਜ਼ਮੀਨ ਹੈ ਅਤੇ ਆਰਥਕ ਤੰਗਦਸਤੀ ਕਾਰਨ ਉਹ ਅਜਿਹੇ ਖਰਚੇ ਕਰਨ ਤੋਂ ਅਸਮਰੱਥ ਸਨ। ਉਨ੍ਹਾਂ ਪੁੱਤਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਮਾਪੇ 30 ਮਈ ਨੂੰ ਨੌਜਵਾਨ ਨੂੰ ਲੈ ਕੇ ਸਿੱਦੀਪੇਟ ਗਏ ਅਤੇ ਇੱਕ ਹੋਰ ਕਾਰ ਖਰੀਦਣ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਬਾਅਦ ਦੁਪਹਿਰ ਜ਼ਹਿਰੀਲਾ ਪਦਾਰਥ ਖਾ ਲਿਆ।



