ਕਪੂਰਥਲਾ ’ਚ ਸਰਾਫਾ ਦੁਕਾਨ ’ਚ ਵੱਡੀ ਲੁੱਟ

0
122

ਕਪੂਰਥਲਾ : ਇੱਥੇ ਐਤਵਾਰ ਤੜਕੇ ਸਾਢੇ ਚਾਰ ਵਜੇ ਸਰਾਫਾ ਬਾਜ਼ਾਰ ਵਿੱਚ ਲੁਟੇਰੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ। ਕਾਰ ਵਿੱਚ ਆਏ ਪੰਜ ਲੁਟੇਰਿਆਂ ਨੇ ਪਹਿਲਾਂ ਪਿਸਤੌਲ ਦੀ ਨੋਕ ’ਤੇ ਬਾਜ਼ਾਰ ਦੇ ਚੌਕੀਦਾਰ ਨੂੰ ਬੰਦੀ ਬਣਾਇਆ ਤੇ ਫਿਰ ਦੁਕਾਨ ਦਾ ਸ਼ਟਰ ਤੋੜਿਆ ਅਤੇ ਅੰਦਰ ਰੱਖੀ ਤਿਜੌਰੀ ਚੁੱਕ ਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਅਜੈ ਕੁਮਾਰ ਨੇ ਦੱਸਿਆ ਕਿ ਤਿਜੌਰੀ ਵਿੱਚ ਲਗਭਗ 50 ਤੋਲੇ ਸੋਨੇ ਦੇ ਗਹਿਣੇ ਅਤੇ 20 ਕਿੱਲੋ ਚਾਂਦੀ ਰੱਖੀ ਹੋਈ ਸੀ। ਚੋਰੀ ਹੋਏ ਗਹਿਣਿਆਂ ਦੀ ਕੀਮਤ ਲਗਭਗ 70 ਲੱਖ ਰੁਪਏ ਦੱਸੀ ਗਈ ਹੈ। ਪੁਲਸ ਕਈ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੀ ਸੀ।
6 ਕਿੱਲੋ ਹੈਰੋਇਨ ਸਣੇ 2 ਗਿ੍ਰਫਤਾਰ
ਅੰਮਿ੍ਰਤਸਰ : ਅੰਮਿ੍ਰਤਸਰ ਦਿਹਾਤੀ ਪੁਲਸ ਨੇ 6 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪਿੰਡ ਭਕਣਾ ਨੇੜੇ ਗੁਰਦਿੱਤਾ ਉਰਫ ਕਾਲੂ ਅਤੇ ਕੈਪਟਨ ਨੂੰ ਕਾਬੂ ਕੀਤਾ ਗਿਆ। ਦੋਵੇਂ ਮੋਟਰਸਾਈਕਲ ’ਤੇ ਹੈਰੋਇਨ ਲੈ ਕੇ ਜਾ ਰਹੇ ਸਨ। ਇਹ ਖੇਪ ਪਾਕਿਸਤਾਨ ਅਧਾਰਤ ਹੈਂਡਲਰਾਂ ਵੱਲੋਂ ਭੇਜੀ ਗਈ ਸੀ ਅਤੇ ਇਸ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਸਪਲਾਈ ਕੀਤਾ ਜਾਣਾ ਸੀ। ਇਸ ਸੰਬੰਧ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ ਥਾਣਾ ਘਰਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀ ਜੀ ਪੀ ਗੌਰਵ ਯਾਦਵ ਨੇ ਇੱਕ ਹੋਰ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਨਿਲਸਨ ਮਸੀਹ ਉਰਫ ਸੰਨੀ ਨੂੰ ਗਿ੍ਰਫਤਾਰ ਕੀਤਾ ਹੈ। ਅਗਲੇਰੀ ਜਾਂਚ ਲਈ ਮੁਲਜ਼ਮ ਨੂੰ ਬਟਾਲਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਨਿਲਸਨ ਮਸੀਹ ਬਟਾਲਾ ਦੇ ਇਲਾਕੇ ਘੁੰਮਣ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ, ਜਿਸ ਵਿੱਚ ਗੋਰਾ ਬਰਿਆਰ ਮਾਰਿਆ ਗਿਆ ਸੀ ਤੇ ਬਿੱਲਾ ਮੰਡਿਆਲਾ ਜ਼ਖਮੀ ਹੋ ਗਿਆ ਸੀ।
ਤਿਲੰਗਾਨਾ ਵਜ਼ਾਰਤ ਦਾ ਵਿਸਥਾਰ
ਹੈਦਰਾਬਾਦ : ਤਿਲੰਗਾਨਾ ’ਚ ਸੱਤਾਧਾਰੀ ਕਾਂਗਰਸ ਦੇ ਵਿਧਾਇਕਾਂ ਜੀ ਵਿਵੇਕ ਵੈਂਕਟ ਸਵਾਮੀ, ਏ ਲਕਸ਼ਮਣ ਕੁਮਾਰ ਅਤੇ ਵੀ ਸ੍ਰੀਹਰੀ ਨੇ ਐਤਵਾਰ ਮੰਤਰੀ ਵਜੋਂ ਹਲਫ ਲਿਆ। ਇਹ ਮੁੱਖ ਮੰਤਰੀ ਏ ਰੇਵੰਤ ਰੈਡੀ ਦੀ ਅਗਵਾਈ ਹੇਠ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ ਹੈ। ਤਿੰਨ ਨਵੇਂ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ ਅਤੇ ਤਿੰਨ ਅਹੁਦੇ ਹਾਲੇ ਵੀ ਖਾਲੀ ਹਨ।