ਭਾਜਪਾ ਬਿਹਾਰ ’ਚ ਵੀ ਮਹਾਰਾਸ਼ਟਰ ਵਾਲਾ ਚੱਕਰ ਚਲਾਏਗੀ : ਰਾਹੁਲ

0
143

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸਨਿੱਚਰਵਾਰ ਦਾਅਵਾ ਕੀਤਾ ਕਿ ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ’ਚ ਧੋਖਾਧੜੀ ਹੋਈ ਸੀ ਤੇ ਇਸ ਸਾਲ ਦੇ ਅਖੀਰ ਵਿੱਚ ਬਿਹਾਰ ਅਸੈਂਬਲੀ ਚੋਣਾਂ ਵਿੱਚ ਉਹੀ ਕੁਝ ਦੁਹਰਾਇਆ ਜਾਵੇਗਾ। ਉਨ੍ਹਾ ਐੱਕਸ ’ਤੇ ਇੱਕ ਪੋਸਟ ’ਚ ‘ਇੰਡੀਅਨ ਐੱਕਸਪ੍ਰੈੱਸ’ ਅਖਬਾਰ ’ਚ ਪ੍ਰਕਾਸ਼ਤ ਆਪਣਾ ਮਜ਼ਮੂਨ ਸਾਂਝਾ ਕੀਤਾ ਹੈ, ਜਿਸ ਵਿੱਚ ਮਹਾਰਾਸ਼ਟਰ ਅਸੈਂਬਲੀ ਚੋਣਾਂ ’ਚ ਹੋਈ ਹੇਰਾਫਾਰੀ ਬਾਰੇ ਵਿਸਥਾਰ ’ਚ ਦੱਸਿਆ ਗਿਆ ਹੈ।
ਰਾਹੁਲ ਨੇ ਕਿਹਾ, ‘2024 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਜਮਹੂਰੀਅਤ ਨਾਲ ਧੋਖਾਧੜੀ ਦਾ ਬਲੂਪਿ੍ਰੰਟ ਸਨ। ਮੇਰਾ ਮਜ਼ਮੂਨ ਦਰਸਾਉਂਦਾ ਹੈ ਕਿ ਕਦਮ-ਦਰ-ਕਦਮ ਇਹ ਕਿਵੇਂ ਹੋਇਆ।’ ਰਾਹੁਲ ਨੇ ਪੰਜ-ਨੁਕਾਤੀ ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਹੈ, ‘ਪਹਿਲਾ ਕਦਮ : ਚੋਣ ਕਮਿਸ਼ਨ ਦੀ ਨਿਯੁਕਤੀ ਵਾਲੀ ਕਮੇਟੀ ’ਚ ਹੇਰਾਫੇਰੀ, ਦੂਜਾ ਕਦਮ : ਚੋਣ ਸੂਚੀਆਂ ਵਿਚ ਫਰਜ਼ੀ ਵੋਟਰ ਸ਼ਾਮਲ ਕਰਨਾ, ਤੀਜਾ ਕਦਮ : ਵੋਟਰਾਂ ਦੀ ਗਿਣਤੀ ਵਧਾਉਣਾ, ਚੌਥਾ ਕਦਮ : ਭਾਜਪਾ ਨੂੰ ਜਿੱਥੇ ਜਿੱਤਣ ਦੀ ਲੋੜ ਹੈ, ਉਥੇ ਫਰਜ਼ੀ ਵੋਟਿੰਗ ਨੂੰ ਨਿਸ਼ਾਨਾ ਬਣਾਉਣਾ, ਪੰਜਵਾਂ ਕਦਮ : ਸਬੂਤ ਲੁਕਾਉਣਾ।’
ਰਾਹੁਲ ਨੇ ਧੋਖਾਧੜੀ ਨੂੰ ਮੈਚ ਫਿਕਸਿੰਗ ਕਰਾਰ ਦਿੰਦਿਆਂ ਕਿਹਾ ਹੈ, ‘ਇਹ ਸਮਝਣਾ ਔਖਾ ਨਹੀਂ ਹੈ ਕਿ ਭਾਜਪਾ ਮਹਾਰਾਸ਼ਟਰ ਵਿੱਚ ਏਨੀ ਬੇਚੈਨ ਕਿਉਂ ਸੀ, ਪਰ ਹੇਰਾਫੇਰੀ/ਤਿਗਮੜਬਾਜ਼ੀ ਮੈਚ ਫਿਕਸਿੰਗ ਵਾਂਗ ਹੈਧੋਖਾਧੜੀ ਕਰਨ ਵਾਲੀ ਧਿਰ ਖੇਡ ਜਿੱਤ ਸਕਦੀ ਹੈ, ਪਰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਏਗੀ ਅਤੇ ਚੋਣ ਨਤੀਜਿਆਂ ਵਿੱਚ ਲੋਕਾਂ ਦੇ ਭਰੋਸੇ ਨੂੰ ਢਾਹ ਲਾਏਗੀ। ਸਾਰੇ ਸੰਬੰਧਤ ਭਾਰਤੀਆਂ ਨੂੰ ਸਬੂਤ ਦੇਖਣੇ ਚਾਹੀਦੇ ਹਨ। ਖੁਦ ਫੈਸਲਾ ਕਰੋ। ਜਵਾਬ ਮੰਗੋ।’ ਰਾਹੁਲ ਨੇ ਚੇਤਾਵਨੀ ਦਿੱਤੀ ਹੈ ਕਿ ਮਹਾਰਾਸ਼ਟਰ ਦੀ ‘ਮੈਚ ਫਿਕਸਿੰਗ’ ਅੱਗੇ ਬਿਹਾਰ (ਜਿੱਥੇ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ) ਅਤੇ ਉਨ੍ਹਾਂ ਥਾਵਾਂ ’ਤੇ ਨਜ਼ਰ ਆਏਗੀ, ਜਿੱਥੇ ਭਾਜਪਾ ਚੋਣਾਂ ਹਾਰ ਰਹੀ ਹੈ। ਮੈਚ-ਫਿਕਸਿੰਗ ਵਾਲੀਆਂ ਚੋਣਾਂ ਕਿਸੇ ਵੀ ਜਮਹੂਰੀਅਤ ਲਈ ਜ਼ਹਿਰ ਹਨ।
ਮਹਾਰਾਸ਼ਟਰ ਅਸੈਂਬਲੀ ਚੋਣਾਂ 2024 ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੇ 235 ਸੀਟਾਂ ਨਾਲ ਭਾਰੀ ਜਿੱਤ ਪ੍ਰਾਪਤ ਕੀਤੀ ਸੀ। ਨਤੀਜੇ ਭਾਜਪਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਨ, ਜੋ 132 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਮਹਾਯੁਤੀ ਗੱਠਜੋੜ ਦਾ ਹਿੱਸਾ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੀ ਕ੍ਰਮਵਾਰ 57 ਅਤੇ 41 ਸੀਟਾਂ ਜਿੱਤੀਆਂ। ਮਹਾਂ ਵਿਕਾਸ ਅਘਾੜੀ ਨੂੰ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸ ਸਿਰਫ 16 ਸੀਟਾਂ ਜਿੱਤ ਸਕੀ। ਇਸ ਦੇ ਗੱਠਜੋੜ ਭਾਈਵਾਲ, ਸ਼ਿਵ ਸੈਨਾ (ਯੂ ਬੀ ਟੀ) ਨੇ 20 ਸੀਟਾਂ ਜਿੱਤੀਆਂ, ਜਦੋਂ ਕਿ ਐੱਨ ਸੀ ਪੀ (ਸ਼ਰਦ ਪਵਾਰ ਧੜਾ) ਸਿਰਫ 10 ਸੀਟਾਂ ਹੀ ਜਿੱਤ ਸਕਿਆ।
ਭਾਰਤੀ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਜਤਾਏ ਗਏ ਫਿਕਰਾਂ ਦਰਮਿਆਨ ਵੋਟਰ ਮਤਦਾਨ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਸੀ। ਕਾਂਗਰਸ ਪਾਰਟੀ ਨੂੰ ਆਪਣੇ ਵਿਸਥਾਰਤ ਜਵਾਬ ਵਿੱਚ ਸਿਖਰਲੀ ਚੋਣ ਸੰਸਥਾ ਨੇ ਚੋਣਾਂ ਦੌਰਾਨ ਵੋਟਰ ਮਤਦਾਨ ਡੇਟਾ ਦੇ ਇਕੱਠੇ ਕਰਨ ਦੇ ਪਿੱਛੇ ਦੀ ਪ੍ਰਕਿਰਿਆ ਬਾਰੇ ਦੱਸਿਆ ਸੀ।
ਇਸੇ ਦੌਰਾਨ ਭਾਜਪਾ ਨੇ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਭਾਜਪਾ ਆਗੂ ਤੁਹਿਨ ਸਿਨਹਾ ਨੇ ਕਿਹਾ, ‘ਰਾਹੁਲ ਗਾਂਧੀ ਦੇਸ਼ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਆਪਣੀਆਂ ਘਿਣਾਉਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਇਨ੍ਹਾਂ ਮੁੱਦਿਆਂ ਨੂੰ ਚੋਣ ਕਮਿਸ਼ਨ ਵੱਲੋਂ ਵਾਰ-ਵਾਰ ਪੂਰੇ ਵਿਸਥਾਰ ਵਿੱਚ ਸੰਬੋਧਤ ਕੀਤਾ ਗਿਆ ਹੈ।’ ਸਿਨਹਾ ਨੇ ਕਿਹਾ, ‘ਇਹ ਆਮ ਪ੍ਰਕਿਰਿਆ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਅਮਲ ਅਪਣਾਇਆ ਗਿਆ ਸੀ, ਜਿਸ ਵਿੱਚ ਕਾਂਗਰਸ ਜਿੱਤੀ ਸੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਖੁਦ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਅੰਕੜਿਆਂ ਦਾ ਹਵਾਲਾ ਦਿੱਤਾ ਹੈ।’
ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਚੋਣਾਂ ਵਿੱਚ ਹੇਰਾਫੇਰੀ ਦੇ ਲਗਾਏ ਗਏ ਦੋਸ਼ਾਂ ਨੂੰ ਚੋਣ ਕਮਿਸ਼ਨ ਨੇ ਬੇਬੁਨਿਆਦ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਇੱਕ ਬਿਆਨ ਵਿਚ ਕਿਹਾ, ‘ਮਹਾਰਾਸ਼ਟਰ ਦੀਆਂ ਵੋਟਰ ਸੂਚੀਆਂ ਬਾਰੇ ਲਗਾਏ ਗਏ ਬੇਬੁਨਿਆਦ ਦੋਸ਼ ਕਾਨੂੰਨ ਦੇ ਸ਼ਾਸਨ ਦਾ ਅਪਮਾਨ ਹਨ। ਚੋਣ ਕਮਿਸ਼ਨ ਨੇ 24 ਦਸੰਬਰ 2024 ਨੂੰ ਕਾਂਗਰਸ ਨੂੰ ਦਿੱਤੇ ਆਪਣੇ ਜਵਾਬ ਵਿੱਚ ਇਹ ਸਾਰੇ ਤੱਥ ਸਾਹਮਣੇ ਲਿਆਂਦੇ ਸਨ, ਜੋ ਕਿ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਵੀ ਉਪਲੱਬਧ ਹੈ। ਅਜਿਹਾ ਜਾਪਦਾ ਹੈ ਕਿ ਇਨ੍ਹਾਂ ਸਾਰੇ ਤੱਥਾਂ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਮੁੱਦੇ ਵਾਰ-ਵਾਰ ਉਠਾਏ ਜਾ ਰਹੇ ਹਨ।
ਗਲਤ ਜਾਣਕਾਰੀ ਫੈਲਾਉਣਾ ਕਾਨੂੰਨ ਦਾ ਨਿਰਾਦਰ ਹੈ ਅਤੇ ਬਦਨਾਮ ਕਰਨ ਦੀਆਂ ਪੂਰੀ ਤਰ੍ਹਾਂ ਬੇਤੁਕੀਆਂ ਕੋਸ਼ਿਸ਼ਾਂ ਹਨ।’ ਬਿਆਨ ਵਿਚ ਹੋਰ ਕਿਹਾ ਗਿਆ ਹੈ, ‘ਕਿਸੇ ਵੀ ਵਿਅਕਤੀ ਵੱਲੋਂ ਫੈਲਾਈ ਜਾ ਰਹੀ ਕੋਈ ਵੀ ਗਲਤ ਜਾਣਕਾਰੀ ਨਾ ਸਿਰਫ ਕਾਨੂੰਨ ਪ੍ਰਤੀ ਨਿਰਾਦਰ ਦੀ ਨਿਸ਼ਾਨੀ ਹੈ, ਸਗੋਂ ਉਨ੍ਹਾਂ ਦੀ ਆਪਣੀ ਸਿਆਸੀ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਹਜ਼ਾਰਾਂ ਪ੍ਰਤੀਨਿਧੀਆਂ ਦੀ ਬਦਨਾਮੀ ਵੀ ਕਰਦੀ ਹੈ ਅਤੇ ਚੋਣਾਂ ਦੌਰਾਨ ਅਣਥੱਕ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਲੱਖਾਂ ਚੋਣ ਸਟਾਫ ਨੂੰ ਨਿਰਾਸ਼ ਕਰਦੀ ਹੈ।’